ਚੇਨਈ : ਸਾਬਕਾ ਕੇਂਦਰੀ ਮੰਤਰੀ ਤੇ ਡੀ ਐੱਮ ਕੇ ਦੇ ਸੀਨੀਅਰ ਆਗੂ ਏ. ਰਾਜਾ ਨੇ ਪਾਰਟੀ ਕਾਡਰ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਉਹ ਪਾਰਟੀ ਦੀ ਧੋਤੀ ਪਹਿਨਦੇ ਹਨ ਤਾਂ ਕੁਮਕੁਮ (ਤਿਲਕ) ਲਾਉਣ ਜਾਂ ਮੌਲੀ ਬੰਨ੍ਹਣ ਤੋਂ ਪਰਹੇਜ਼ ਕਰਨ। ਨੀਲਗਿਰੀ ਜ਼ਿਲ੍ਹੇ ’ਚ ਬੀਤੇ ਦਿਨ ਪਾਰਟੀ ਦੇ ਸਮਾਗਾਮ ਵਿੱਚ ਰਾਜਾ ਨੇ ਕਿਹਾ ਕਿ ਉਹ ਰੱਬ ਵਿੱਚ ਆਸਥਾ ਰੱਖਣ ਦੇ ਖਿਲਾਫ ਨਹੀਂ ਹਨ ਅਤੇ ਪਾਰਟੀ ਦੇ ਬਾਨੀ ਸੀ ਐੱਨ ਅੰਨਾਦੁਰਾਈ ਨੇ ਖੁਦ ਕਿਹਾ ਸੀ ਕਿ ਰੱਬ ਗਰੀਬ ਦੀ ਮੁਸਕਾਨ ਵਿੱਚ ਦੇਖਿਆ ਜਾ ਸਕਦਾ ਹੈ, ਪਰ ਜਦੋਂ ਤੁਸੀਂ ਪੋਟੂ (ਕੁਮਕੁਮ) ਲਾਉਦੇ ਹੋ ਤੇ ਕਯੀਰੂ (ਮੌਲੀ) ਬੰਨ੍ਹਦੇ ਹੋ ਅਤੇ ਸੰਘੀ (ਰਾਸ਼ਟਰੀ ਸੋਇਮਸੇਵਕ ਸੰਘ ਦੇ ਮੈਂਬਰ) ਵੀ ਇਹ ਕਰਦੇ ਹਨ ਤਾਂ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਰਾਜਾ ਨੇ ਕਿਹਾ ਕਿ ਘੱਟੋ-ਘੱਟ ਵਿਦਿਆਰਥੀ ਵਿੰਗ ਦੇ ਮੈਂਬਰ ਤਾਂ �ਿਪਾ ਕਰਕੇ ਪੋਟੂ ਨਾ ਲਾਉਣ। ਇਸ ਦੇ ਨਾਲ ਹੀ ਰਾਜਾ ਨੇ ਸਪੱਸ਼ਟ ਕੀਤਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਰੱਬ ਦੀ ਪੂਜਾ ਨਾ ਕਰੋ। ਜੇ ਉਨ੍ਹਾਂ ਦੇ ਮਾਪੇ ਉਨ੍ਹਾ ਦੇ ਮੱਥੇ ’ਤੇ ਵਿਭੂਤੀ ਲਾਉਂਦੇ ਹਨ ਤਾਂ ਉਹ ਚੱਲ ਸਕਦੀ ਹੈ। (ਰਵਾਇਤ ਮੁਤਾਬਕ ਵੱਡੇ ਅਸ਼ੀਰਵਾਦ ਵਜੋਂ ਨੌਜਵਾਨਾਂ ਦੇ ਵਿਭੂਤੀ ਲਾਉਦੇ ਹਨ।) ਪਰ ਜਦੋਂ ਉਹ ਪਾਰਟੀ ਦੀ ਧੋਤੀ ਬੰਨ੍ਹਦੇ ਹਨ ਤਾਂ ਤਿਲਕ ਵਰਗੇ ਨਿਸ਼ਾਨ ਹਟਾ ਦੇਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਕਿਸੇ ਸਿਆਸੀ ਪਾਰਟੀ ਲਈ ਸਭ ਤੋਂ ਅਹਿਮ ਵਿਚਾਰਧਾਰਾ ਹੁੰਦੀ ਹੈ ਅਤੇ ਬਿਨਾਂ ਵਿਚਾਰਧਾਰਾ ਵਾਲੀ ਪਾਰਟੀ ਦਾ ਬੇੜਾ ਗਰਕ ਹੁੰਦਾ ਹੈ, ਅੰਨਾ ਡੀ ਐੱਮ ਕੇ ਇਸ ਦੀ ਮਿਸਾਲ ਹੈ। ਯਾਦ ਰਹੇ ਰਾਜਾ ਨੇ ਇੱਕ ਵਾਰ ਕਿਹਾ ਸੀ ਕਿ ਸਨਾਤਨ ਧਰਮ ਏਡਜ਼ ਵਾਂਗ ਹੈ। ਭਾਜਪਾ ਨੇ ਰਾਜਾ ਦੇ ਬਿਆਨ ਦਾ ਤਿੱਖਾ ਵਿਰੋਧ ਕੀਤਾ ਹੈ।


