ਸੈਕਸ ਸਕੈਂਡਲ ’ਚ ਸਜ਼ਾ ਸੋਮਵਾਰ ਤੱਕ ਟਲੀ

0
31

ਮੁਹਾਲੀ : ਵਿਸ਼ੇਸ਼ ਸੀ ਬੀ ਆਈ ਅਦਾਲਤ ਵੱਲੋਂ ਬਹੁ-ਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਮੋਗਾ ਦੇ ਤੱਤਕਾਲੀ ਐੱਸ ਐੱਸ ਪੀ ਦਵਿੰਦਰ ਸਿੰਘ ਗਰਚਾ, ਤੱਤਕਾਲੀ ਐੱਸ ਪੀ (ਐੱਚ) ਪਰਮਦੀਪ ਸਿੰਘ ਸੰਧੂ ਸਮੇਤ ਮੋਗਾ ਸਿਟੀ ਥਾਣੇ ਦੇ ਦੋ ਸਾਬਕਾ ਐੱਸ ਐੱਚ ਓਜ਼ ਰਮਨ ਕੁਮਾਰ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਹੁਣ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤ ਨੇ ਪਹਿਲਾਂ ਸ਼ੁੱਕਰਵਾਰ ਸਜ਼ਾ ਸੁਣਾਉਣੀ ਸੀ।
ਹੁਣ ਹੁਕਮ ਪੰਜਾਬੀ ’ਚ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਮਗਰੋਂ ਪੰਜਾਬ ਸਰਕਾਰ ਨੇ ਅਫਸਰਾਂ ਦੇ ਤਬਾਦਲਿਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ 2 ਆਈ ਏ ਐੱਸ ਅਤੇ ਇੱਕ ਪੀ ਸੀ ਐੱਸ ਅਧਿਕਾਰੀ ਦੇ ਤਬਾਦਲਿਆਂ ਦੇ ਹੁਕਮ ਪੰਜਾਬੀ ’ਚ ਜਾਰੀ ਕੀਤੇ ਹਨ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਮੁੱਖ ਸਕੱਤਰ ਨੂੰ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ’ਚ ਕੰਮ ਕਰਨ ਅਤੇ ਬਦਲੀਆਂ ਦੇ ਹੁਕਮ ਪੰਜਾਬੀ ਵਿੱਚ ਕਰਨ ਲਈ ਕਿਹਾ ਸੀ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬਦਲੀਆਂ ਦੇ ਹੁਕਮ ਅੰਗਰੇਜ਼ੀ ਵਿੱਚ ਜਾਰੀ ਹੁੰਦੇ ਸਨ।
ਸੰਸਦ ਦੇ ਦੋਨੋਂ ਸਦਨ ਉੱਠ ਗਏ
ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਅਣਮਿੱਥੇ ਲਈ ਚੁੱਕੇ ਜਾਣ ਨਾਲ 31 ਜਨਵਰੀ ਤੋਂ ਸ਼ੁਰੂ ਹੋਇਆ ਬਜਟ ਸੈਸ਼ਨ ਦਾ ਦੂਜਾ ਗੇੜ ਸਮਾਪਤ ਹੋ ਗਿਆ ਹੈ।
ਵਕਫ ਬਿੱਲ ਨੂੰ ਚੁਣੌਤੀ
ਨਵੀਂ ਦਿੱਲੀ : ਕਾਂਗਰਸ ਸਾਂਸਦ ਮੁਹੰਮਦ ਜਾਵੇਦ ਤੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਅਸਦਉੱਦੀਨ ਓਵੈਸੀ ਨੇ ਵਕਫ ਸੋਧ ਬਿੱਲ-2025 ਨੂੰ ਸ਼ੁੱਕਰਵਾਰ ਸੁਪਰੀਮ ਕੋਰਟ ਵਿੱਚ ਚੈਲੰਜ ਕਰ ਦਿੱਤਾ ਹੈ। ਜਾਵੇਦ ਨੇ ਕਿਹਾ ਹੈ ਕਿ ਬਿੱਲ ਵਕਫ ਜਾਇਦਾਦਾਂ ਤੇ ਇਸ ਦੇ ਪ੍ਰਬੰਧ ’ਤੇ ਮਨਮਾਨੀਆਂ ਰੋਕਾਂ ਲਾਉਦਾ ਹੈ ਅਤੇ ਮੁਸਲਮ ਭਾਈਚਾਰੇ ਦੀ ਧਾਰਮਕ ਖੁਦਮੁਖਤਾਰੀ ਨੂੰ ਢਾਹ ਲਾਉਦਾ ਹੈ। ਓਵੈਸੀ ਨੇ ਕਿਹਾ ਹੈ ਕਿ ਬਿੱਲ ਦੀਆਂ ਮੱਦਾਂ ਮੁਸਲਮਾਨਾਂ ਤੇ ਮੁਸਲਮ ਭਾਈਚਾਰੇ ਦੇ ਬੁਨਿਆਦੀ ਹੱਕਾਂ ਦੀ ਘੋਰ ਉਲੰਘਣਾ ਕਰਦੀਆਂ ਹਨ।