15 ਲੱਖ ਰੁਪਏ ਕੀਹਦੇ ਸਨ?

0
17

ਚੰਡੀਗੜ੍ਹ : ਹਾਲਾਂਕਿ ਸੀ ਬੀ ਆਈ ਦੀ ਕੋਰਟ ਨੇ ਜੱਜ ਦੀ ਕੋਠੀ ਅੱਗੇ ਮਿਲੇ ਪੈਸਿਆਂ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਨਿਰਮਲ ਯਾਦਵ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ, ਸੀ ਬੀ ਆਈ ਵੱਲੋਂ 17 ਸਾਲ ਪਹਿਲਾਂ ਜਾਂਚ ਦੌਰਾਨ ਜ਼ਬਤ ਕੀਤੇ ਗਏ 15 ਲੱਖ ਰੁਪਏ ਦਾ ਭੇਤ ਅਜੇ ਵੀ ਨਹੀਂ ਖੁੱਲ੍ਹਿਆ। ਸੀ ਬੀ ਆਈ ਨੇ ਹਰਿਆਣਾ ਦੇ ਵੇਲੇ ਦੇ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਦੇ ਕਲਰਕ ਪ੍ਰਕਾਸ਼ ਰਾਮ ਵੱਲੋਂ 13 ਅਗਸਤ 2008 ਨੂੰ ਹਾਈ ਕੋਰਟ ਦੀ ਜੱਜ ਨਿਰਮਲਜੀਤ ਕੌਰ ਦੀ ਕੋਠੀ ’ਚ ਨੋਟਾਂ ਦਾ ਬੈਗ ਦੇਣ ਮਗਰੋੋਂ ਕੇਸ ਦਰਜ ਕੀਤਾ ਸੀ। ਜਸਟਿਸ ਨਿਰਮਲਜੀਤ ਕੌਰ ਦੀ ਹਦਾਇਤ ’ਤੇ ਪੁਲਸ ਸੱਦੀ ਗਈ ਅਤੇ ਚੰਡੀਗੜ੍ਹ ਪੁਲਸ ਦੇ ਸਬ-ਇੰਸਪੈਕਟਰ ਨੇ ਪ੍ਰਕਾਸ਼ ਰਾਮ ਨੂੰ ਨੋਟਾਂ ਵਾਲੇ ਬੈਗ ਸਣੇ ਹਿਰਾਸਤ ਵਿੱਚ ਲੈ ਲਿਆ ਸੀ। ਸੈਕਟਰ-11 ਦੇ ਐੱਸ ਐੱਚ ਓ ਨੇ ਨੋਟ ਗਿਣੇ ਤਾਂ 15 ਲੱਖ ਨਿਕਲੇ। 16 ਅਗਸਤ 2008 ਨੂੰ ਕੇਸ ਦਰਜ ਕਰਨ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਂਚ 26 ਅਗਸਤ 2008 ਨੂੰ ਸੀ ਬੀ ਆਈ ਨੂੰ ਸੌਂਪ ਦਿੱਤੀ।
15 ਲੱਖ ਰੁਪਏ ਸਣੇ ਸਾਰੇ ਦਸਤਾਵੇਜ਼ ਸੀ ਬੀ ਆਈ ਨੂੰ ਸੌਂਪ ਦਿੱਤੇ ਗਏ ਅਤੇ ਪੈਸੇ ਅਜੇ ਵੀ ਸੀ ਬੀ ਆਈ ਦੇ ਮਾਲਖਾਨੇ ਵਿੱਚ ਪਏ ਹਨ। ਜਾਂਚ ਪੂਰੀ ਕਰਕੇ ਸੀ ਬੀ ਆਈ ਨੇ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਕਿ ਪੈਸੇ ਜਸਟਿਸ ਨਿਰਮਲ ਯਾਦਵ ਲਈ ਸਨ, ਪਰ ਰਲਦੇ-ਮਿਲਦੇ ਨਾਂਅ ਕਰਕੇ ਜਸਟਿਸ ਨਿਰਮਲਜੀਤ ਕੌਰ ਦੀ ਕੋਠੀ ਪਹੁੰਚਾ ਦਿੱਤੇ ਗਏ। ਸੀ ਬੀ ਆਈ ਨੇ ਕਿਹਾ ਸੀ ਕਿ ਇੱਕ ਮੁਲਜ਼ਮ ਰਵਿੰਦਰ ਸਿੰਘ ਨੇ ਇਹ ਪੈਸੇ ਜਾਇਦਾਦ ਦੇ ਕੇਸ ਵਿੱਚ ਹੱਕ ’ਚ ਫੈਸਲਾ ਕਰਾਉਣ ਲਈ ਸੰਜੀਵ ਬਾਂਸਲ ਨੂੰ ਜਸਟਿਸ ਯਾਦਵ ਨੂੰ ਦੇਣ ਲਈ ਦਿੱਤੇ ਸਨ, ਪਰ ਸਾਰੇ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਸੀ ਬੀ ਆਈ ਨੇ ਉਨ੍ਹਾਂ ਨੂੰ ਝੂਠਾ ਫਸਾਇਆ ਹੈ। ਬਚਾਅ ਪੱਖ ਦੇ ਵਕੀਲ ਹਿਤੇਸ਼ ਪੁਰੀ ਨੇ ਕਿਹਾ ਕਿ ਚਾਰਜਸ਼ੀਟ ਘੜੇ-ਘੜਾਏ ਸਬੂਤਾਂ ਦੇ ਆਧਾਰ ’ਤੇ ਦਾਖਲ ਕੀਤੀ ਗਈ ਤੇ ਸੀ ਬੀ ਆਈ ਕੋਰਟ ਨੇ ਵੀ ਆਪਣੇ ਫੈਸਲੇ ਵਿੱਚ ਸਬੂਤਾਂ ਨੂੰ ਘੜੇ-ਘੜਾਏ ਕਰਾਰ ਦਿੱਤਾ। ਸੀ ਬੀ ਆਈ ਨੇ ਪ੍ਰਕਾਸ਼ ਰਾਮ ਨੂੰ ਨਾ ਗਵਾਹ ਬਣਾਇਆ ਤੇ ਨਾ ਮੁਲਜ਼ਮ। ਪੁਰੀ ਨੇ ਕਿਹਾ ਕਿ ਇਹ ਸੀ ਬੀ ਆਈ ਹੀ ਜਾਣਦੀ ਹੈ ਕਿ ਪੈਸੇ ਕਿਸਦੇ ਸਨ, ਕਿਉਕਿ ਕੋਰਟ ਨੇ ਕੇਸ ਵਿੱਚ ਨਾਮਜ਼ਦ ਲੋਕਾਂ ਦਾ ਪੈਸਿਆਂ ਨਾਲ ਲਿੰਕ ਨਹੀਂ ਨਹੀਂ ਪਾਇਆ ਹੈ।