ਚੰਡੀਗੜ੍ਹ : ਗੁਰਦਾਸਪੁਰ ਜ਼ਿਲ੍ਹੇ ਦੇ ਖੁਦਸਾਖਤਾ ਪਾਦਰੀ ਜਸ਼ਨ ਗਿੱਲ ’ਤੇ 22 ਸਾਲਾ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਗਏ ਹਨ। ਕੁੜੀ ਦੇ ਪਿਤਾ ਦਾ ਦੋਸ਼ ਹੈ ਕਿ ਗਿੱਲ ਨੇ ਉਸ ਦੀ ਧੀ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਸੀ ਤੇ ਫਿਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਪਿਤਾ ਨੇ ਦੱਸਿਆ, ‘ਅਸੀਂ ਆਪਣੇ ਪਰਵਾਰ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਅਬੁਲ ਖੈਰ ਪਿੰਡ ਵਿੱਚ ਇੱਕ ਗਿਰਜਾਘਰ ਜਾਂਦੇ ਸੀ। ਉੱਥੇ ਜਸ਼ਨ ਗਿੱਲ ਨੇ ਮੇਰੀ ਧੀ ਨੂੰ ਗੁੰਮਰਾਹ ਕੀਤਾ ਅਤੇ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ। ਮੇਰੀ ਧੀ 22 ਸਾਲਾਂ ਦੀ ਸੀ ਅਤੇ ਬੀ ਸੀ ਏ ਦੀ ਵਿਦਿਆਰਥਣ ਸੀ। ਪਾਦਰੀ ਨੇ ਉਸ ਨੂੰ ਗਰਭਵਤੀ ਕਰ ਦਿੱਤਾ ਅਤੇ ਬਾਅਦ ਵਿੱਚ ਖੋਖਰ ਪਿੰਡ ਵਿੱਚ ਇੱਕ ਨਰਸ ਰਾਹੀਂ ਉਸ ਦਾ ਗਰਭਪਾਤ ਕਰਵਾਇਆ। ਸਾਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ, ਜਦੋਂ ਕੁੜੀ ਦੇ ਢਿੱਡ ’ਚ ਦਰਦ ਸ਼ੁਰੂ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਕੁੜੀ ਦਾ ਗਰਭਪਾਤ ਹੋਇਆ ਹੈ ਤੇ ਗਰਭਪਾਤ ਕਰਨ ਵਾਲਿਆਂ ਨੇ ਸਹੀ ਢੰਗ ਨਾਲ ਨਹੀਂ ਕੀਤਾ। ਕੁੜੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਨੂੰ ਅੰਮਿ੍ਰਤਸਰ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।’
ਪਿਤਾ ਨੇ ਦਾਅਵਾ ਕੀਤਾ, ‘ਪਾਦਰੀ ਨੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ, ਜਿਸ ਕਾਰਨ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਉਹ ਖੁੱਲ੍ਹਾ ਘੁੰਮਦਾ ਹੈ ਅਤੇ ਪੁਲਸ ਉਸ ਤੋਂ ਪੈਸੇ ਲੈਂਦੀ ਹੈ।’
ਪਿਤਾ ਨੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਕਿਹਾ, ‘ਮੈਨੂੰ ਬਹੁਤ ਧਮਕੀਆਂ ਮਿਲੀਆਂ, ਇਸ ਲਈ ਮੈਂ ਆਪਣਾ ਪਿੰਡ ਛੱਡ ਦਿੱਤਾ। ਮੈਂ ਆਪਣੀ ਧੀ ਲਈ ਇਨਸਾਫ ਚਾਹੁੰਦਾ ਹਾਂ।ਪੰਜਾਬ ਪੁਲਸ ਨੇ ਕੁਝ ਨਹੀਂ ਕੀਤਾ।’
ਜ਼ਿਕਰਯੋਗ ਹੈ ਕਿ 9 ਜੁਲਾਈ 2023 ਪੁਲਸ ਸਟੇਸ਼ਨ ਦੀਨਾਨਗਰ ਵਿਖੇ ਪਾਸਟਰ ਜਸ਼ਨ ਗਿੱਲ ਖਿਲਾਫ ਆਈ ਪੀ ਸੀ ਦੀ ਧਾਰਾ-376 ਤੇ 304-ਏ ਤਹਿਤ ਮਾਮਲਾ ਦਰਜ ਹੋਇਆ ਸੀ। ਪਿਤਾ ਨੇ ਦੋਸ਼ ਲਾਇਆ ਹੈ ਕਿ ਪੁਲਸ ਨੇ ਜਾਣ ਬੁੱਝ ਕੇ ਘਟਨਾ ਤੋਂ ਤਿੰਨ ਮਹੀਨੇ ਬਾਅਦ ਪਰਚਾ ਦਰਜ ਕੀਤਾ। ਇਸ ਤੋਂ ਇਲਾਵਾ ਐਕਸੀਡੈਂਟ ਦੀ ਧਾਰਾ 304-ਏ ਲਗਾ ਕੇ ਕੇਸ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੇਸ ਦਰਜ ਹੋਣ ਤੋਂ ਬਾਅਦ ਪਾਦਰੀ ਜਸ਼ਨ ਗਿੱਲ ਫਰਾਰ ਹੋ ਗਿਆ। ਪੁਲਸ ਨੇ ਉਸ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਹ ਖੁੱਲ੍ਹ ਕੇ ਲਾਈਵ ਸ਼ੋਅ ਕਰਦਾ ਰਿਹਾ। ਇਸ ਸਮੇਂ ਉਹ 2 ਚਰਚ ਚਲਾ ਰਿਹਾ ਹੈ ਤੇ ਜੰਮੂ ਵਿਖੇ ਰਹਿ ਰਿਹਾ ਹੈ। ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਸੰਬੰਧਤ ਪੁਲਸ ਉਸ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਉਲਟਾ ਉਸ ’ਤੇ ਹੀ ਮਾਮਲਾ ਰਫਾ-ਦਫਾ ਕਰਨ ਦਾ ਦਬਾਅ ਬਣਾ ਰਹੀ ਹੈ। ਉਸ ਨੂੰ ਕਾਫੀ ਤੰਗ ਕੀਤਾ ਗਿਆ, ਜਿਸ ਕਾਰਨ ਉਸ ਨੂੰ ਆਪਣਾ ਘਰ ਸਸਤੇ ਭਾਅ ਵੇਚ ਕੇ ਅੰਮਿ੍ਰਤਸਰ ਸ਼ਿਫਟ ਹੋਣਾ ਪਿਆ, ਜਿਥੇ ਉਹ ਰਿਕਸ਼ਾ ਚਲਾ ਰਿਹਾ ਹੈ।
ਇਹ ਮਾਮਲਾ ਪਾਦਰੀ ਬਜਿੰਦਰ ਸਿੰਘ ਨੂੰ ਜਬਰ-ਜ਼ਨਾਹ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਿਕਲ ਕੇ ਸਾਹਮਣੇ ਆਇਆ ਹੈ।





