ਵਿਲ ਸਮਿੱਥ ਦਿਲਜੀਤ ਨਾਲ ਥਿਰਕਿਆ

0
20

ਨਵੀਂ ਦਿੱਲੀ : ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਹੌਲੀਵੁੱਡ ਸਟਾਰ ਵਿਲ ਸਮਿੱਥ ਨਾਲ ਆਪਣੇ ਗੀਤ ‘ਕੇਸ’ ਉੱਤੇ ਨਾਲ ਭੰਗੜਾ ਪਾਇਆ। ਦਿਲਜੀਤ ਨੇ ਐਤਵਾਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਪੰਜਾਬੀ ਆ ਗਏ ਓਏ ਵਿਦ ਵਨ ਐਂਡ ਓਨਲੀ ਲਿਵਿੰਗ ਲੀਜੈਂਡ ਵਿਲ ਸਮਿੱਥ। ਕਿੰਗ ਵਿਲ ਸਮਿੱਥ ਨੂੰ ਭੰਗੜਾ ਪਾਉਂਦੇ ਦੇਖਣਾ ਤੇ ਪੰਜਾਬੀ ਢੋਲ ਬੀਟ ਦਾ ਮਜ਼ਾ ਲੈਂਦੇ ਦੇਖਣਾ ਪ੍ਰੇਰਣਾਦਾਇਕ ਹੈ।’’
ਪੁਲਸ ’ਚ ਵੱਡਾ ਰੱਦੋਬਦਲ
ਚੰਡੀਗੜ੍ਹ : ਗ੍ਰਹਿ ਵਿਭਾਗ ਨੇ ਐਤਵਾਰ 97 ਆਈ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿਚ ਜ਼ਿਆਦਾ ਬਦਲੀਆਂ ਐੱਸ ਪੀਜ਼ ਦੀਆਂ ਹਨ। ਇਸੇ ਤਰ੍ਹਾਂ 65 ਡੀ ਐੱਸ ਪੀ ਬਦਲੇ ਗਏ ਹਨ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਇਹ ਅਧਿਕਾਰੀ ਬਦਲੇ ਹਨ।
ਅਕਾਲੀ ਦਲ ਵਰਕਿੰਗ ਕਮੇਟੀ ਦੀ ਭਲਕੇ ਮੀਟਿੰਗ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ 8 ਅਪਰੈਲ ਨੂੰ ਦੁਪਹਿਰ 2 ਵਜੇ ਇੱਥੇ ਸੱਦੀ ਹੈ। ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਵਜ਼ੀਰਾਬਾਦ ਦੇ ਮਾਲਖਾਨੇ ’ਚ ਅੱਗ ਨਾਲ 345 ਗੱਡੀਆਂ ਤਬਾਹ
ਨਵੀਂ ਦਿੱਲੀ : ਉੱਤਰ ਪੂਰਬੀ ਦਿੱਲੀ ਦੇ ਵਜ਼ੀਰਾਬਾਦ ਖੇਤਰ ਵਿੱਚ ਐਤਵਾਰ ਤੜਕੇ ਕਰੀਬ ਚਾਰ ਵਜੇ ਅੱਗ ਲੱਗਣ ਕਾਰਨ ਦਿੱਲੀ ਪੁਲਸ ਦਾ ਮਾਲਖਾਨਾ (ਸਟੋਰਹਾਊਸ) ਸੜ ਕੇ ਸੁਆਹ ਹੋ ਗਿਆ। ਕੁੱਲ 345 ਗੱਡੀਆਂ ਸੜ ਕੇ ਤਬਾਹ ਹੋ ਗਈਆਂ। ਅੱਗ ’ਤੇ ਕਾਬੂ ਪਾਉਣ ਵਿੱਚ ਦੋ ਘੰਟੇ ਲੱਗ ਗਏ। ਪਿਛਲੇ ਸਾਲ ਅਗਸਤ ਵਿੱਚ ਵੀ ਇੱਥੇ 280 ਵਾਹਨ ਸੜ ਗਏ ਸਨ। ਲੰਘੇ ਵੀਰਵਾਰ ਨਹਿਰੂ ਪਲੇਸ ਵਿੱਚ ਦਿੱਲੀ ਟਰੈਫਿਕ ਪੁਲਸ ਦੇ ਸਟੋਰ ’ਚ ਕਰੀਬ 100 ਵਾਹਨ ਸੜ ਗਏ ਸਨ।
ਫੌਜੀ ਵੱਲੋਂ ਖੁਦਕੁਸ਼ੀ
ਜੰਮੂ : ਰਾਮਬਨ ਜ਼ਿਲ੍ਹੇ ਦੇ ਆਰਮੀ ਕੈਂਪ ਵਿੱਚ ਫੌਜੀ ਨੇ ਐਤਵਾਰ ਵੱਡੇ ਤੜਕੇ ਆਪਣੀ ਹੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਿਪਾਹੀ ਵਿਜੈ ਕੁਮਾਰ 26 ਰਾਸ਼ਟਰੀ ਰਾਈਫਲਜ਼ ਵਿੱਚ ਤਾਇਨਾਤ ਸੀ। ਉਹ ਧਾਰਮੁੰਡ ਫੌਜੀ ਹਸਪਤਾਲ ਵਿੱਚ ਸੰਤਰੀ ਦੀ ਡਿਊਟੀ ’ਤੇ ਤਾਇਨਾਤ ਸੀ ਜਦੋਂ ਉਸ ਨੇ 3:40 ਵਜੇ ਖੁਦ ਨੂੰ ਗੋਲੀ ਮਾਰ ਲਈ। ਰਾਜਸਥਾਨ ਦਾ ਵਿਜੈ ਕੁਮਾਰ ਕਰੀਬ ਦੋ ਮਹੀਨਿਆਂ ਦੀ ਛੁੱਟੀ ਕੱਟਣ ਮਗਰੋਂ 28 ਮਾਰਚ ਨੂੰ ਡਿਊਟੀ ’ਤੇ ਪਰਤਿਆ ਸੀ।
ਗੇਅ-ਪਰੇਡ ਰੱਦ
ਅੰਮਿ੍ਰਤਸਰ : ਇੱਥੇ ਹੋਣ ਵਾਲੀ ਗੇਅ-ਪਰੇਡ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਦੀ ਸੁਰੱਖਿਆ ਕਰਨਾ ਉਨ੍ਹਾਂ ਦੀ ਤਰਜੀਹ ਹੈ।
ਦੋ ਪਿਸਤੌਲਾਂ ਤੇ ਨਕਲੀ ਕਰੰਸੀ ਨਾਲ ਫੜਿਆ
ਅੰਮਿ੍ਰਤਸਰ : ਦਿਹਾਤੀ ਪੁਲਸ ਨੇ ਜਰਮਨ ਸਿੰਘ ਨੂੰ ਹਥਿਆਰਾਂ ਅਤੇ ਨਕਲੀ ਕਰੰਸੀ ਸਮੇਤ ਗਿ੍ਰਫਤਾਰ ਕੀਤਾ ਹੈ। ਉਹ ਕਥਿਤ ਤੌਰ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਲਈ ਕੰਮ ਕਰ ਰਿਹਾ ਸੀ। ਉਸ ਕੋਲੋਂ ਇੱਕ ਗਲਾਕ (9 ਐੱਮ ਐੱਮ ਪਿਸਤੌਲ), ਇੱਕ 30 ਕੈਲੀਬਰ ਪਿਸਤੌਲ, 3 ਮੈਗਜ਼ੀਨ ਅਤੇ 2,15,500 ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ।