ਚੰਡੀਗੜ੍ਹ : ਐਂਟੀ ਕੁਰੱਪਸ਼ਨ ਬਿਊਰੋ (ਏ ਸੀ ਬੀ) ਅੰਬਾਲਾ ਨੇ ਬੁੱਧਵਾਰ ਰਾਤ ਕੈਥਲ ਪੁਲਸ ਵਿੱਚ ਤਾਇਨਾਤ ਸਬ-ਇੰਸਪੈਕਟਰ ਮਨਵੀਰ ਸਿੰਘ ਨੂੰ ਰਿਸ਼ਵਤ ਮੰਗਣ ਅਤੇ ਮਹਿਲਾ ਵਕੀਲ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ। ਉਹ ਇਕਨਾਮਿਕ ਸੈੱਲ ਵਿਚ ਤਾਇਨਾਤ ਸੀ। ਗਿ੍ਰਫਤਾਰੀ ਬਿਲਕੁਲ ਫਿਲਮੀ ਅੰਦਾਜ਼ ਵਿੱਚ ਹੋਈ ਅਤੇ ਇਸ ਨਾਲ ਪੁਲਸ ਵਿਭਾਗ ’ਚ ਹੜਕੰਪ ਮਚ ਗਿਆ ਹੈ।
ਮਾਮਲਾ ਕੈਥਲ ਦੇ ਰਾਜੌਂਦ ਥਾਣਾ ਖੇਤਰ ਨਾਲ ਜੁੜਿਆ ਹੋਇਆ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ ਪਿਤਾ ਦੇ ਖਿਲਾਫ ਪਲਾਟ ਵੇਚਣ ਨੂੰ ਲੈ ਕੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਜਾਂਚ ਦੀ ਜ਼ਿੰਮੇਵਾਰੀ ਇਕਨਾਮਿਕ ਸੈੱਲ ਵਿਚ ਤਾਇਨਾਤ ਐੱਸ ਆਈ ਮਨਵੀਰ ਸਿੰਘ ਨੂੰ ਦਿੱਤੀ ਗਈ। ਦੋਸ਼ ਹੈ ਕਿ ਮਨਵੀਰ ਨੇ ਕੇਸ ਤੋਂ ਸ਼ਿਕਾਇਤਕਰਤਾ ਦਾ ਨਾਂਅ ਹਟਾਉਣ ਦੇ ਬਦਲੇ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੀ। ਜਦੋਂ ਸ਼ਿਕਾਇਤਕਰਤਾ ਦੀ ਵਿਧਵਾ ਧੀ, ਜੋ ਕਿ ਇੱਕ ਵਕੀਲ ਹੈ, ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਅਧਿਕਾਰੀ ਨੇ ਉਸ ਦੀ ਛੋਟੀ ਭੈਣ ਨੂੰ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਅਤੇ ਮਹਿਲਾ ਵਕੀਲ ਨਾਲ ਛੇੜਛਾੜ ਕੀਤੀ। ਮਹਿਲਾ ਵਕੀਲ ਨੇ ਪੂਰੇ ਘਟਨਾਕ੍ਰਮ ਦੀ ਸ਼ਿਕਾਇਤ ਏ ਸੀ ਬੀ ਦੇ ਸਾਬਕਾ ਸਹਿਯੋਗੀ ਰਵਿੰਦਰ ਜੰਗੀ ਰਾਹੀਂ ਵਿਜੀਲੈਂਸ ਟੀਮ ਤੱਕ ਪਹੁੰਚਾਈ। ਯੋਜਨਾਬੱਧ ਤਰੀਕੇ ਨਾਲ ਪੁਲਸ ਅਧਿਕਾਰੀ ਨੂੰ ਪੈਸੇ ਦੇਣ ਦੇ ਬਹਾਨੇ ਇੱਕ ਹਸਪਤਾਲ ਦੇ ਕੋਲ ਬੁਲਾਇਆ ਗਿਆ, ਪਰ ਮੁਲਾਕਾਤ ਦੌਰਾਨ ਮਨਵੀਰ ਨੇ ਗੱਡੀ ਤੋਂ ਉਤਰਨ ਦੀ ਬਜਾਏ ਵਕੀਲ ਨੂੰ ਆਪਣੇ ਕੋਲ ਬੁਲਾਇਆ, ਉਸ ਨਾਲ ਛੇੜਛਾੜ ਕਰਦਿਆਂ ਹੋਟਲ ਚੱਲਣ ਦਾ ਦਬਾਅ ਬਣਾਇਆ। ਮਹਿਲਾ ਨੇ ਸੂਝਬੂਝ ਨਾਲ ਵਿਜੀਲੈਂਸ ਟੀਮ ਨੂੰ ਇਸ਼ਾਰਾ ਕਰ ਦਿੱਤਾ, ਪਰ ਖਤਰਾ ਭਾਂਪਦਿਆਂ ਮਨਵੀਰ ਉਥੋਂ ਭੱਜ ਗਿਆ। ਘਟਨਾ ਤੋਂ ਬਾਅਦ ਮਨਵੀਰ ਸਿੱਧਾ ਆਪਣੇ ਘਰ ਪਹੁੰਚਿਆ, ਪਰ ਉੱਥੇ ਪਹਿਲਾਂ ਤੋਂ ਤਾਇਨਾਤ ਵਿਜੀਲੈਂਸ ਟੀਮ ਨੇ ਉਸ ਨੂੰ ਘੇਰ ਲਿਆ। ਗਿ੍ਰਫਤਾਰੀ ਤੋਂ ਬਚਣ ਲਈ ਉਸ ਨੇ ਘਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਗੁਆਂਢੀਆਂ ਦੀਆਂ ਛੱਤਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਘਰ ਵਾਲਿਆਂ ਨੇ ਵੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕੁਝ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ, ਪਰ ਕਾਫੀ ਮੁਸ਼ੱਕਤ ਤੋਂ ਬਾਅਦ ਮਨਵੀਰ ਇੱਕ ਟੈਂਪੂ ਦੇ ਹੇਠ ਲੁਕਿਆ ਹੋਇਆ ਮਿਲਿਆ, ਜਿਥੋਂ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਕੁਝ ਦਿਨ ਪਹਿਲਾਂ ਹੀ ਗੂਹਲਾ ਥਾਣਾ ਮੁਖੀ ਸਬ-ਇੰਸਪੈਕਟਰ ਰਾਮਪਾਲ ਨੂੰ ਵੀ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ। ਲਗਾਤਾਰ ਹੋ ਰਹੀਆਂ ਅਜਿਹੀਆਂ ਗਿ੍ਰਫ਼ਤਾਰੀਆਂ ਨਾਲ ਹਰਿਆਣਾ ਪੁਲਸ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।