ਹੈਲੀਕਾਪਟਰ ਦੋ ਟੋਟੇ, ਖਤਮ ਹੋ ਗਈਆਂ ਛੇ ਜਿੰਦਾਂ

0
37

ਨਿਊ ਯਾਰਕ : ਇੱਥੇ ਸੈਰ-ਸਪਾਟੇ ਲਈ ਇਸਤੇਮਾਲ ਹੋਣ ਵਾਲੇ ਹੈਲੀਕਾਪਟਰ ਦੇ ਵੀਰਵਾਰ ਹਵਾ ’ਚ ਦੋ ਟੋਟੇ ਹੋ ਗਏ ਤੇ ਹਡਸਨ ਨਦੀ ’ਚ ਜਾ ਡਿੱਗਾ। ਹਾਦਸੇ ਵਿੱਚ ਪਾਇਲਟ ਤੇ ਸਪੇਨ ਦੇ ਪੰਜ ਸੈਲਾਨੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ’ਚ ਉੱਘੀ ਕੰਪਨੀ ਸੀਮਨਸ ਦਾ ਕਾਰਜਕਾਰੀ ਅਧਿਕਾਰੀ ਅਸਗਸਟੀਨ ਐਸਕੋਬਾਰ, ਉਸ ਦੀ ਪਤਨੀ ਮਰਸ ਕੈਂਪਰੂਬੀ ਮੋਂਟਾਲ ਤੇ ਤਿੰਨ ਬੱਚੇ ਸ਼ਾਮਲ ਹਨ। ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ’ਤੇ ਜਾਰੀ ਤਸਵੀਰਾਂ ਵਿੱਚ ਜੋੜਾ ਤੇ ਉਨ੍ਹਾਂ ਦੇ ਬੱਚੇ ਹੈਲੀਕਾਪਟਰ ਵਿੱਚ ਸਵਾਰ ਹੋਣ ਮੌਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਕਿ ਲਾਸ਼ਾਂ ਪਾਣੀ ਵਿੱਚੋਂ ਕੱਢ ਲਈਆਂ ਹਨ। ਹੈਲੀਕਾਪਟਰ ਨੇ ਮੈਨਹਟਨ ਦੇ ਉੱਤਰ ਵੱਲ ਤੇ ਮਗਰੋਂ ‘ਸਟੈਚੂ ਆਫ ਲਿਬਰਟੀ’ ਵੱਲ 18 ਮਿੰਟ ਤੋਂ ਵੀ ਘੱਟ ਸਮੇਂ ਲਈ ਉਡਾਣ ਭਰੀ। ਹਾਦਸੇ ਦੇ ਕੁਝ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਹੈਲੀਕਾਪਟਰ ਦੇ ਕੁਝ ਹਿੱਸੇ ਹਵਾ ਵਿਚ ਉੱਛਲ ਕੇ ਜਰਸੀ ਸਿਟੀ, ਨਿਊ ਜਰਸੀ ਦੇ ਸਾਹਿਲ ਕੋਲ ਪਾਣੀ ਵਿਚ ਡਿੱਗਦੇ ਦਿਖਾਈ ਦੇ ਰਹੇ ਹਨ। ਚਸ਼ਮਦੀਦ ਬਰੂਸ ਵਾਲ ਨੇ ਦੱਸਿਆ ਕਿ ਉਸ ਨੇ ਹੈਲੀਕਾਪਟਰ ਨੂੰ ਹਵਾ ਵਿੱਚ ਟੁੱਟ ਕੇ ਦੋਫਾੜ ਹੁੰਦਾ ਦੇਖਿਆ, ਜਿਸ ਵਿਚ ‘ਟੇਲ’ ਤੇ ‘ਪ੍ਰੋਪੈਲਰ’ ਵੱਖ ਹੋ ਗਏ। ਨਿਊ ਜਰਸੀ ਦੇ ਹੋਬੋਕੇਨ ਵਿੱਚ ਨਦੀ ਕੰਢੇ ਇੱਕ ਰੇਸਤਰਾਂ ਚਲਾਉਣ ਵਾਲੀ ਲੇਸਲੀ ਕੈਮਾਚੋ ਨੇ ਦੱਸਿਆ ਕਿ ਹੈਲੀਕਾਪਟਰ ਬੇਕਾਬੂ ਹੋ ਕੇ ਘੁੰਮ ਰਿਹਾ ਸੀ ਤੇ ਪਾਣੀ ਵਿਚ ਡਿੱਗਣ ਤੋਂ ਪਹਿਲਾਂ ਇਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਦਾ ਸੰਚਾਲਨ ‘ਨਿਊਯਾਰਕ ਹੈਲੀਕਾਪਟਰਜ਼’ ਕਰਦਾ ਹੈ। ਕੰਪਨੀ ਦੇ ਮਾਲਕ ਮਾਈਕਲ ਰੋਥ ਨੇ ‘ਨਿਊਯਾਰਕ ਪੋਸਟ’ ਨੂੰ ਦੱਸਿਆ ਕਿ ਉਹ ਬੇਹੱਦ ਦੁਖੀ ਹਨ ਤੇ ਉਨ੍ਹਾ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਹਾਦਸਾ ਕਿਉਂ ਹੋਇਆ। ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਹੈਲੀਕਾਪਟਰ ਦੀ ਪਛਾਣ ‘ਬੈਲ 206’ ਵਜੋਂ ਕੀਤੀ ਹੈ। ਇਸ ਮਾਡਲ ਦਾ ਹੈਲੀਕਾਪਟਰ ਵਪਾਰਕ ਤੇ ਸਰਕਾਰੀ ਤੌਰ ’ਤੇ ਵਿਆਪਕ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੈਰ ਸਪਾਟਾ ਕੰਪਨੀਆਂ, ਟੀ ਵੀ ਚੈਨਲ ਤੇ ਪੁਲਸ ਬਲ ਵੀ ਇਸ ਮਾਡਲ ਦੇ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਹਨ। ਕੌਮੀ ਟਰਾਂਸਪੋਰਟ ਸੁਰੱਖਿਆ ਬੋਰਡ ਨੇ ਕਿਹਾ ਕਿ ਉਹ ਇਸ ਹਾਦਸੇ ਦੀ ਜਾਂਚ ਕਰੇਗਾ।