ਮੁਕਤਸਰ/ਮਲੋਟ (ਸ਼ਮਿੰਦਰਪਾਲ/ਪੂਜਾ/ਓਮ ਪ੍ਰਕਾਸ਼ ਸ਼ੇਖੂ)-ਸਾਢੇ ਤਿੰਨ ਕੁਇੰਟਲ ਨਸ਼ੀਲੇ ਪਦਾਰਥ ਸਣੇ ਸੀ ਆਈ ਏ ਸਟਾਫ ਵੱਲੋਂ ਕਾਬੂ ਕੀਤੇ ਦੋ ਨਸ਼ਾ ਤਸਕਰ, ਇਕ ਸਾੜਫੂਕ ਮਾਮਲੇ ਵਿਚ ਗਿ੍ਰਫਤਾਰ ਮੁਲਜ਼ਮ ਸਨਿਚਰਵਾਰ ਰਾਤ ਹਵਾਲਾਤ ਦੀ ਗਰਿੱਲ ਦਾ ਜੰਗਲਾ ਤੋੜ ਕੇ ਫਰਾਰ ਹੋ ਗਏ।ਐਸ ਐਸ ਪੀ ਨੇ ਥਾਣਾ ਕਬਰਵਾਲਾ ਦੇ ਇੰਚਾਰਜ ਦਵਿੰਦਰ ਕੁਮਾਰ ਤੇ ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਫਰਾਰ ਹੋਏ ਮੁਲਜ਼ਮ ਦੋ ਵੱਖ ਵੱਖ ਮੁਕੱਦਮਿਆਂ ਵਿਚ ਅਦਾਲਤੀ ਹੁਕਮਾਂ ’ਤੇ ਚਾਰ ਦਿਨਾ ਪੁਲਸ ਰਿਮਾਂਡ ’ਤੇ ਸਨ। ਫਰਾਰ ਮੁਲਜ਼ਮਾਂ ਵਿਚੋਂ ਦੋ ਜਣੇ ਬੂਟਾ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਲਵਟੈਣ ਸਿੰਘ ਉਰਫ ਲਵ ਵਾਸੀ ਢਾਣੀ ਪਿੰਡ ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) ਦੱਸੇ ਜਾਂਦੇ ਹਨ। ਇਨ੍ਹਾਂ ਨੂੰ ਟਰੱਕ ਵਿੱਚ ਪਿਆਜ਼ਾਂ ਦੇ ਗੱਟਿਆਂ ’ਚ 3.30 ਕੁਇੰਟਲ ਭੁੱਕੀ ਚੂਰਾ ਪੋਸਤ ਲੁਕੋ ਕੇ ਲਿਜਾਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਸੀ ।ਤੀਸਰਾ ਮੁਲਜ਼ਮ ਸ਼ਮਸ਼ੇਰ ਸਿੰਘ ਸ਼ੰਮੀ ਕੁਝ ਦਿਨ ਪਹਿਲਾਂ ਪਿੰਡ ਸਰਾਵਾਂ ਬੋਦਲਾ ਵਿਖੇ ਮੋਟਰਸਾਈਕਲ ਦੀ ਸਾੜ ਫੂਕ ਵਿੱਚ ਸ਼ਾਮਲ ਸੀ। ਲੰਬੀ ਦੇ ਡੀ ਐਸ ਪੀ ਜਸਪਾਲ ਸਿੰਘ ਨੇ ਦੱਸਿਆ ਕਿ ਬੀ ਐਨ ਐਸ ਦੀ ਧਾਰਾ 260 ਅਤੇ 261 ਤਹਿਤ ਤਿੰਨੇ ਫਰਾਰ ਮੁਲਜ਼ਮਾਂ ਤੋਂ ਇਲਾਵਾ ਡਿਊਟੀ ਵਿੱਚ ਅਣਗਹਿਲੀ ਦੇ ਦੋਸ਼ਾਂ ਤਹਿਤ ਡਿਊਟੀ ਅਫਸਰ ਏ ਐਸ ਆਈ ਜਰਨੈਲ ਸਿੰਘ, ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ, ਤਿੰਨ ਹੋਮ ਗਾਰਡ ਮੁਲਾਜ਼ਮਾਂ ਰਣਜੀਤ ਸਿੰਘ, ਮਨਜੀਤ ਸਿੰਘ ਅਤੇ ਮਹਿਤਾਬ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।