ਸ਼ਰਬਤ ਜਹਾਦ

0
34

ਗੱਲ ਉਦੋਂ ਦੀ ਹੈ, ਜਦੋਂ ਲਾਲ ਕਿਲ੍ਹੇ ’ਤੇ ਆਜ਼ਾਦ ਹਿੰਦ ਫੌਜ ਦੇ ਕ੍ਰਾਂਤੀਕਾਰੀਆਂ ’ਤੇ ਮੁਕੱਦਮਾ ਚੱਲ ਰਿਹਾ ਸੀ। ਕਰਨਲ ਸਹਿਗਲ, ਢਿੱਲੋਂ ਤੇ ਸ਼ਾਹਨਵਾਜ਼ ਸਣੇ ਅਨੇਕਾਂ ਕਰਾਂਤੀਕਾਰੀ ਉੱਥੇ ਕੈਦ ਕਰਕੇ ਰੱਖੇ ਹੋਏ ਸਨ। ਇਹ ਕਰਾਂਤੀਕਾਰੀ ਭਾਰਤ ਦੇ ਸਵੈਮਾਣ ਦੇ ਪ੍ਰਤੀਕ ਬਣ ਚੁੱਕੇ ਸਨ। ਸਾਰਾ ਦੇਸ਼ ਇਨ੍ਹਾਂ ਦੇ ਨਾਲ ਖੜ੍ਹਾ ਸੀ। ਮੱਤਭੇਦਾਂ ਦੇ ਬਾਵਜੂਦ ਕਾਂਗਰਸ ਆਜ਼ਾਦ ਹਿੰਦ ਫੌਜ ਡਿਫੈਂਸ ਕਮੇਟੀ ਬਣਾ ਕੇ ਸੁਭਾਸ਼ ਬਾਬੂ ਦੇ ਇਨ੍ਹਾਂ ਨਾਇਕਾਂ ਦੇ ਬਚਾਅ ਵਿੱਚ ਖੜ੍ਹੀ ਹੋਈ। ਪੰਡਤ ਨਹਿਰੂ ਨੇ ਅਰਸੇ ਬਾਅਦ ਵਕੀਲ ਦਾ ਚੋਗਾ ਪਹਿਨਿਆ। ਇਨ੍ਹਾਂ ਕਰਾਂਤੀਕਾਰੀਆਂ ਦੀ ਗਿ੍ਰਫਤਾਰੀ ਤੇ ਉਨ੍ਹਾਂ ’ਤੇ ਮੁਕੱਦਮਾ ਚਲਾਏ ਜਾਣ ਦੌਰਾਨ ਪੂਰਾ ਦੇਸ਼ ਰੋਹ ਵਿੱਚ ਸੀ। ਧਰਮ ਤੇ ਜਾਤ ਦੀਆਂ ਕੰਧਾਂ ਟੁੱਟ ਗਈਆਂ ਸਨ, ਪਰ ਸਰਕਾਰ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਇਸ ਕੌਮੀ ਏਕਤਾ ਨੂੰ ਫਿਰਕੂ ਚਾਲ ਨਾਲ ਤੋੜਨਾ ਚਾਹੁੰਦੀ ਸੀ। ਸਵੇਰੇ ਇਨ੍ਹਾਂ ਕ੍ਰਾਂਤੀਕਾਰੀਆਂ ਲਈ ਜਿਹੜੀ ਚਾਹ ਆਉਦੀ ਸੀ, ਉਸ ਨੂੰ ਹਿੰਦੂ ਤੇ ਮੁਸਲਮ ਚਾਹ ਦਾ ਨਾਂਅ ਦਿੱਤਾ ਗਿਆ। ਸਾਰੇ ਕ੍ਰਾਂਤੀਕਾਰੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ, ਪਰ ਸਰਕਾਰ ਦਾ ਹੁਕਮ ਸੀ ਕਿ ਹਰ ਹਾਲ ਵਿੱਚ ਹਿੰਦੂ ਚਾਹ ਤੇ ਮੁਸਲਮ ਚਾਹ ਵੱਖਰੀ ਬਣੇਗੀ ਤੇ ਇਨ੍ਹਾਂ ਨਾਵਾਂ ਨਾਲ ਹੀ ਵੰਡੀ ਜਾਵੇਗੀ। ਕ੍ਰਾਂਤੀਕਾਰੀਆਂ ਨੇ ਇਸ ਚਾਲ ਨੂੰ ਫੇਲ੍ਹ ਕਰਨ ਦਾ ਇਹ ਤੋੜ ਲੱਭਿਆ ਕਿ ਉਹ ਸਾਰੀ ਚਾਹ ਇੱਕ ਵੱਡੇ ਭਾਂਡੇ ਵਿੱਚ ਪਾ ਲੈਂਦੇ ਤੇ ਫਿਰ ਵੰਡ ਕੇ ਪੀਂਦੇ।
ਪਰ ਦੁੱਖ ਦੀ ਗੱਲ ਹੈ ਕਿ ਅੱਜ ਫਿਰ ਉਹੀ ਵੰਡਪਾਊ ਤਾਕਤਾਂ ਨਵੇਂ-ਨਵੇਂ ਢੰਗਾਂ ਨਾਲ ਭਾਰਤ ਦੀ ਸਮਾਜੀ ਸਦਭਾਵਨਾ ਨੂੰ ਤੋੜਨ ਲਈ ਸਰਗਰਮ ਹਨ। ਆਜ਼ਾਦ ਹਿੰਦ ਫੌਜ ਦੇ ਕ੍ਰਾਂਤੀਕਾਰੀਆਂ ਨੇ ਪੁਰਾਣੇ ਫਿਰੰਗੀਆਂ ਦੀ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਤਾਂ ਸਫਲ ਨਹੀਂ ਹੋਣ ਦਿੱਤੀ ਪਰ ਨਵੇਂ ਫਿਰੰਗੀਆਂ ਨੇ ਮੁੜ ਆਪਣੀਆਂ ਕੋਸ਼ਿਸ਼ਾਂ ਨੂੰ ਪ੍ਰਵਾਨ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਸੰਤ ਦੇ ਚੋਲੇ ਵਿੱਚ ਕਾਰੋਬਾਰੀ ਹਿੱਤਾਂ ਨੂੰ ਅੱਗੇ ਵਧਾਉਣ ਵਾਲੇ ਰਾਮਦੇਵ ਨੇ ਕਿਹਾ ਹੈ ਕਿ ਫਲਾਂ ਸ਼ਰਬਤ ਪੀਓਗੇ ਤਾਂ ਮਸਜਿਦਾਂ ਤੇ ਮਦਰੱਸੇ ਬਣਨਗੇ ਅਤੇ ਪਤੰਜਲੀ ਦਾ ਪੀਓਗੇ ਤਾਂ ਗੁਰੂਕੁਲ ਬਣਨਗੇ। ਆਪਣੇ ਕਾਰੋਬਾਰੀ ਲਾਭ ਲਈ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲਾ ਕਿੰਨਾ ਸ਼ਰਮਨਾਕ ਬਿਆਨ ਹੈ ਇਹ। ਆਜ਼ਾਦ ਹਿੰਦ ਫੌਜ ਦੇ ਕ੍ਰਾਂਤੀਕਾਰੀਆਂ ਨੂੰ ਹਿੰਦੂ ਤੇ ਮੁਸਲਮ ਚਾਹ ਦੇ ਨਾਂਅ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਦੇਸ਼ ਵਾਸੀਆਂ ਨੂੰ ਹਿੰਦੂ ਸ਼ਰਬਤ ਤੇ ਮੁਸਲਮ ਸ਼ਰਬਤ ਦੇ ਨਾਂਅ ਹੇਠ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਦੇ ਸਵਾਮੀ ਸ਼ਰਧਾਨੰਦ ਨੇ ਜਾਮਾ ਮਸਜਿਦ ਤੋਂ ਹਿੰਦੂ-ਮੁਸਲਮ ਭਾਈਚਾਰੇ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਸੀ, ਅੱਜ ਉਸੇ ਪਰੰਪਰਾ ਦੇ ਕੁਝ ਲੋਕ ਖਾਣ-ਪੀਣ ਤੇ ਭਾਸ਼ਾ ਵਿੱਚ ਵੀ ਹਿੰਦੂ-ਮੁਸਲਮਾਨ ਲੱਭ ਰਹੇ ਹਨ। ਅਜਿਹੇ ਲੋਕ ਨਾਅਰਾ ਤਾਂ ਅਖੰਡ ਭਾਰਤ ਦਾ ਦਿੰਦੇ ਹਨ, ਪਰ ਤੰਗਨਜ਼ਰੀ ਏਨੀ ਕਿ ਸੀਮਤ ਖੇਤਰ ਵਿੱਚ ਵੀ ਦੂਜੇ ਦੀ ਮੌਜੂਦਗੀ ਸਵੀਕਾਰ ਨਹੀਂ ਕਰਦੇ। ਦੂਜਿਆਂ ਦੇ ਬਾਈਕਾਟ ਦੇ ਮੌਕੇ ਲੱਭਦੇ ਰਹਿੰਦੇ ਹਨ। ਕਦੇ ਦੁਕਾਨ ਦੀ ਨੇਮ ਪਲੇਟ ਨੂੰ ਲੈ ਕੇ, ਕਦੇ ਕੁੰਭ ਵਿੱਚ ਨਾ ਆਉਣ ਨੂੰ ਲੈ ਕੇ ਸ਼ਰਮਨਾਕ ਬਿਆਨਬਾਜ਼ੀ ਕੀਤੀ ਜਾਂਦੀ ਹੈ। ਲੋਕਾਂ ਨੂੰ ਇਨ੍ਹਾਂ ਤੱਤਾਂ ਨੂੰ ਚੰਗੀ ਤਰ੍ਹਾਂ ਪਛਾਨਣਾ ਪੈਣਾ ਹੈ, ਤਾਂ ਕਿ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਾ ਹੋ ਸਕਣ ਤੇ ਸਮਾਜ ਵਿੱਚ ਸਦਭਾਵਨਾ ਕਾਇਮ ਰਹੇ।