ਹਰਸਿਮਰਤ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ

0
101

ਵੈਨਕੂਵਰ : ਹੈਮਿਲਟਨ ਪੁਲਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪਰੈਲ ਨੂੰ ਓਂਟਾਰੀਓ ਵਿੱਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ’ਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਸਨ। ਚਿੱਟੇ ਰੰਗ ਦੀ ਹੁੰਡਈ ਅਲਾਂਟਰਾ ਅਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਫੋਰੈਂਸਿਕ ਜਾਂਚ ਦੌਰਾਨ ਪੁਲਸ ਨੇ ਕਾਤਲਾਂ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਹਨ।
ਤਫ਼ਤੀਸ਼ੀ ਅਧਿਕਾਰੀ ਐਲੇਕਸ ਬੱਕ ਅਨੁਸਾਰ ਸੀ ਸੀ ਟੀ ਵੀ ਕੈਮਰਿਆਂ ’ਚੋਂ ਕਾਰਾਂ ਦੀ ਪਛਾਣ ਕਰਕੇ ਚਿੱਟੀ ਕਾਰ ਤਾਂ ਘਟਨਾ ਦੇ ਅਗਲੇ ਦਿਨ ਟੋਰਾਂਟੋ ਤੋਂ ਫੜ ਲਈ ਸੀ, ਪਰ ਕਾਲੀ ਕਾਰ ਤੀਜੇ ਦਿਨ ਹੈਮਿਲਟਨ ਤੋਂ ਫੜੀ ਗਈ। ਦੋਵਾਂ ਕਾਰਾਂ ’ਚੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।
ਉਂਜ ਪੁਲਸ ਨੇ ਕਿਹਾ ਕਿ ਹਰਸਿਮਰਤ ਕੌਰ ਰੰਧਾਵਾ ਦੋਸ਼ੀਆਂ ਦੇ ਨਿਸ਼ਾਨੇ ’ਤੇ ਨਹੀਂ ਸੀ, ਪਰ ਉਨ੍ਹਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣੀ। ਸ੍ਰੀ ਗੋਇੰਦਵਾਲ ਸਾਹਿਬ ਨੇੜਲੇ ਪਿੰਡ ਧੂੰਦਾ ਦੀ ਹਰਸਿਮਰਤ ਰੰਧਾਵਾ ਚਾਰ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਈ ਸੀ ਤੇ ਹੈਮਿਲਟਨ ਵਿੱਚ ਰਹਿ ਰਹੀ ਸੀ। ਘਟਨਾ ਵਾਲੇ ਦਿਨ ਉਹ ਕੰਮ ਅਤੇ ਹੋਰ ਰੁਝੇਵਿਆਂ ਤੋਂ ਵਿਹਲੀ ਹੋ ਕੇ ਅੱਪਰ ਜੇਮਜ਼ ਸਟਰੀਟ ਅਤੇ ਸਾਊਥ ਬੈਂਡ ਰੋਡ ਵਾਲੇ ਬੱਸ ਸਟਾਪ ਤੋਂ ਘਰ ਨੂੰ ਜਾਣ ਲੱਗੀ ਤਾਂ ਦੋ ਧੜਿਆਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣ ਗਈ ਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ।