ਸ੍ਰੀ ਮੁਕਤਸਰ ਸਾਹਿਬ : ਥਾਣਾ ਕਬਰਵਾਲਾ ਦੀ ਹਵਾਲਾਤ ਵਿੱਚੋਂ ਫਰਾਰ ਹੋਏ ਤਿੰਨੇ ਮੁਲਜ਼ਮਾਂ ਨੂੰ ਪੁਲਸ ਨੇ 36 ਘੰਟਿਆਂ ਵਿੱਚ ਕਾਬੂ ਕਰ ਲਿਆ। ਐੱਨ ਡੀ ਪੀ ਸੀ ਐਕਟ ਦੇ 3.30 ਕੁਇੰਟਲ ਚੂਰਾ ਪੋਸਤ ਮਾਮਲੇ ਦੇ ਫਰਾਰ ਮੁਲਜ਼ਮ ਬਾਬੂ ਸਿੰਘ ਨੂੰ ਐਤਵਾਰ ਦਿਨ ਵੇਲੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕਰ ਲਿਆ ਗਿਆ ਸੀ, ਜਦੋਂਕਿ ਦੂਸਰਾ ਮੁਲਜ਼ਮ ਰਾਤੀਂ ਫੜ ਲਿਆ ਗਿਆ ਸੀ। ਤੀਜਾ ਸੋਮਵਾਰ ਫੜਿਆ ਗਿਆ। ਇਹ ਮੁਲਜ਼ਮ ਚਾਰ ਦਿਨਾਂ ਦੇ ਪੁਲਸ ਰਿਮਾਂਡ ’ਤੇ ਸਨ।
ਇਨ੍ਹਾਂ ਵਿੱਚੋਂ ਬੂਟਾ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਲਵਟੈਣ ਸਿੰਘ ਉਰਫ ਲਵ ਵਾਸੀ ਢਾਣੀ ਪਿੰਡ ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) ਨੂੰ ਟਰੱਕ ਵਿੱਚ ਪਿਆਜ਼ਾਂ ਦੇ ਗੱਟਿਆਂ ਵਿੱਚ 3.30 ਕੁਇੰਟਲ ਚੂਰਾ ਪੋਸਤ ਲੁਕੋ ਕੇ ਲਿਜਾਣ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ। ਤੀਸਰਾ ਸ਼ਮਸ਼ੇਰ ਸਿੰਘ ਸ਼ੰਮੀ ਕੁਝ ਦਿਨ ਪਹਿਲਾਂ ਪਿੰਡ ਸਰਾਵਾਂ ਬੋਦਲਾ ਵਿਖੇ ਮੋਟਰ ਸਾਈਕਲ ਦੀ ਸਾੜਫੂਕ ਦੀ ਵਾਰਦਾਤ ਵਿੱਚ ਸ਼ਾਮਲ ਸੀ।