ਰਾਮਬਨ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਐਤਵਾਰ ਵੱਡੇ ਤੜਕੇ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਹੜ੍ਹ ਆ ਗਏ, ਜਿਸ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 100 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ। ਲਗਾਤਾਰ ਪੈ ਰਹੇ ਮੀਂਹ ਕਾਰਨ ਰਣਨੀਤਕ ਪੱਖੋਂ ਅਹਿਮ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਨਾਸ਼ਰੀ ਅਤੇ ਬਨਿਹਾਲ ਵਿਚਾਲੇ ਕਰੀਬ ਇੱਕ ਦਰਜਨ ਥਾਵਾਂ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਾਰਨ ਦੋਹਾਂ ਪਾਸਿਓਂ ਆਵਾਜਾਈ ਬੰਦ ਕਰਨੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਦੇ ਸੇਰੀ ਬਾਗਨਾ ਪਿੰਡ ਵਿੱਚ ਬੱਦਲ ਫਟਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਭਰਾ ਆਕਿਬ ਅਹਿਮਦ ਅਤੇ ਮੁਹੰਮਦ ਸਾਕਿਬ ਸਨ। ਜੰਮੂ ਖੇਤਰ ਵਿੱਚ ਦੋ ਦਿਨਾਂ ਵਿੱਚ ਮੀਂਹ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਸ਼ਨਿੱਚਰਵਾਰ ਦੇਰ ਰਾਤ ਰਿਆਸੀ ਜ਼ਿਲ੍ਹੇ ਦੇ ਅਰਨਾਸ ਖੇਤਰ ਵਿੱਚ ਬਿਜਲੀ ਡਿੱਗਣ ਨਾਲ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਔਰਤ ਜ਼ਖਮੀ ਹੋ ਗਈ ਸੀ। ਧਰਮ ਕੁੰਡ ਪਿੰਡ ਵਿੱਚ ਅਚਾਨਕ ਆਏ ਹੜ੍ਹ ਕਾਰਨ ਕਰੀਬ 40 ਰਿਹਾਇਸ਼ੀ ਘਰ ਨੁਕਸਾਨੇ ਗਏ। ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲ ਫਟਣ ਦੇ ਬਾਵਜੂਦ ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ 100 ਤੋਂ ਵੱਧ ਫਸੇ ਹੋਏ ਪਿੰਡ ਵਾਸੀਆਂ ਨੂੰ ਬਚਾਇਆ।





