ਡੇਰਾ ਬਾਬਾ ਨਾਨਕ : ਇੱਥੇ 22 ਸਾਲਾ ਕੁੜੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਡੇਰਾ ਬਾਬਾ ਨਾਨਕ ਪੁਲਸ ਸਟੇਸ਼ਨ ਵਿੱਚ ਇੱਕ ਪਾਸਟਰ ਅਤੇ 12 ਹੋਰ ਵਿਅਕਤੀਆਂ ’ਤੇ ਜਬਰ-ਜ਼ਨਾਹ ਅਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਪਾਸਟਰ ਮਨਜੀਤ ਸਿੰਘ ਨੇ ਉਸ ਨੂੰ ਕੁੱਟਿਆ ਅਤੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ। ਮਨਜੀਤ ਸਿੰਘ ਤੋਂ ਇਲਾਵਾ ਹੋਰ ਮੁਲਜ਼ਮ ਉਸ ਦੇ ਪਿਤਾ ਸਵਾਰ ਮਸੀਹ, ਭੈਣਾਂ ਕਾਜਲ, ਰੀਨਾ ਅਤੇ ਜੀਨਾ, ਪੀੜਤਾ ਦੇ ਚਚੇਰੇ ਭਰਾ, ਨਪਿੰਦਰ ਸਿੰਘ, ਪਰਵੇਜ਼ ਮਸੀਹ, ਹੈਪੀ ਮਸੀਹ, ਰਾਜਿੰਦਰ ਸਿੰਘ ਅਤੇ ਰਿਮੀ ਹਨ। ਦੋ ਅਣਪਛਾਤੇ ਵਿਅਕਤੀ ਵੀ ਕੇਸ ’ਚ ਨਾਮਜ਼ਦ ਕੀਤੇ ਗਏ ਹਨ। ਸੂਬੇ ਦੀ ਇਹ ਤੀਜੀ ਘਟਨਾ ਹੈ, ਜਿਸ ਵਿਚ ਈਸਾਈ ਪਾਸਟਰ ਸ਼ਾਮਲ ਹਨ। ਇਸ ਤੋਂ ਪਹਿਲਾਂ ਮੁਹਾਲੀ ਦੇ ਬਜਿੰਦਰ ਸਿੰਘ ਨੂੰ ਜਬਰ-ਜ਼ਨਾਹ ਦੇ ਦੋਸ਼ਾਂ ਵਿੱਚ ਸਜ਼ਾ ਸੁਣਾਈ ਗਈ ਸੀ। ਇਕ ਹੋਰ ਕੇਸ ਵਿੱਚ ਗੁਰਦਾਸਪੁਰ ਦੇ ਜਸ਼ਨ ਗਿੱਲ ਨੂੰ ਇਸੇ ਤਰ੍ਹਾਂ ਦੇ ਅਪਰਾਧਾਂ ’ਚ ਹਿਰਾਸਤ ਵਿਚ ਲਿਆ ਗਿਆ ਸੀ। ਡੇਰਾ ਬਾਬਾ ਨਾਨਕ ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐੱਫ ਆਈ ਆਰ ਵਿੱਚ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀਆਂ ਧਾਰਾਵਾਂ 70, 127 (4) ਅਤੇ 61 (2) ਲਗਾਈਆਂ ਗਈਆਂ ਹਨ।
ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ, “ਸਵਾਰ ਮਸੀਹ ਨੇ ਮੇਰੇ ਚਚੇਰੇ ਭਰਾ ਨਪਿੰਦਰ ਸਿੰਘ ਤੋਂ ਮੇਰੀ ਆਈ ਡੀ ਪ੍ਰਾਪਤ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 19 ਜਨਵਰੀ ਨੂੰ ਸਵਾਰ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੇ ਮੈਨੂੰ ਮੇਰੇ ਘਰੋਂ ਅਗਵਾ ਕਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਧਮਕੀਆਂ ਦਿੱਤੀਆਂ। ਬਾਅਦ ਵਿੱਚ ਉਹ ਮੈਨੂੰ ਇੱਕ ਅਣਜਾਣ ਥਾਂ ’ਤੇ ਲੈ ਗਏ, ਜਿੱਥੇ ਮੈਨੂੰ ਤਿੰਨ ਮਹੀਨਿਆਂ ਤੱਕ ਰੱਖਿਆ ਗਿਆ ਅਤੇ ਵਾਰ-ਵਾਰ ਜਬਰ-ਜ਼ਨਾਹ ਕੀਤਾ ਗਿਆ। ਪਾਦਰੀ ਮਨਜੀਤ ਸਿੰਘ ਵੀ ਉੱਥੇ ਆਏ ਅਤੇ ਕਿਹਾ ਕਿ ਹੁਣ ਤੋਂ ਮੈਂ ਇੱਕ ਈਸਾਈ ਹਾਂ। ਕਿਸੇ ਤਰ੍ਹਾਂ ਮੈਂ 13 ਅਪ੍ਰੈਲ ਨੂੰ ਭੱਜਣ ਵਿਚ ਕਾਮਯਾਬ ਹੋ ਗਈ ਜਦੋਂ ਸਵਾਰ ਅਤੇ ਉਸ ਦਾ ਪਰਵਾਰ ਬਾਹਰ ਚਲੇ ਗਏ ਸਨ ਅਤੇ ਮੈਨੂੰ ਘਰ ਦੇ ਅੰਦਰ ਬੰਦ ਕਰਨਾ ਭੁੱਲ ਗਏ ਸਨ।’’
ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਉਨ੍ਹਾ ਕਈ ਜਾਂਚ ਟੀਮਾਂ ਬਣਾਈਆਂ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਫੜ ਲਵਾਂਗੇ।




