ਸ਼ਰਾਰਤੀ ਸ਼ਰਬਤੀ ਬਾਬੇ ਦੀ ਝਾੜਝੰਬ

0
93

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਵੱਲੋਂ ਹਮਦਰਦ ਦੇ ਰੂਹ ਅਫਜ਼ਾ ਬਾਰੇ ‘ਸ਼ਰਬਤ ਜਿਹਾਦ’ ਟਿੱਪਣੀ ਵਾਲੇ ਬਿਆਨ ’ਤੇ ਮੰਗਲਵਾਰ ਸਖਤ ਇਤਰਾਜ਼ ਜਤਾਇਆ। ਜਸਟਿਸ ਅਮਿਤ ਬਾਂਸਲ ਨੇ ਸੁਣਵਾਈ ਦੌਰਾਨ ਕਿਹਾ, ‘‘ਇਹ ਅਦਾਲਤ ਦੀ ਜ਼ਮੀਰ ਨੂੰ ਝੰਜੋੜਦਾ ਹੈ। ਇਹ ਬਿਆਨ ਕਿਸੇ ਤਰ੍ਹਾਂ ਵੀ ਬਚਾਅ ਦਾ ਹੱਕਦਾਰ ਨਹੀਂ ਹੈ।’’ ਉਨ੍ਹਾ ਰਾਮਦੇਵ ਦੇ ਵਕੀਲ ਨੂੰ ਕਿਹਾ, ‘‘ਤੁਸੀਂ ਆਪਣੇ ਮੁਵੱਕਿਲ ਤੋਂ ਨਿਰਦੇਸ਼ ਲਵੋ, ਨਹੀਂ ਤਾਂ ਇਹ ਕੋਰਟ ਸਖਤ ਹੁਕਮ ਪਾਸ ਕਰੇਗੀ।’’ ਫਾਜ਼ਲ ਜੱਜ ਨੇ ਉਪਰੋਕਤ ਟਿੱਪਣੀ ਹਮਦਰਦ ਨੈਸ਼ਨਲ ਫਾਊਂਡੇਸ਼ਨ (ਇੰਡੀਆ) ਵੱਲੋਂ ਰਾਮਦੇਵ ਦੀ ਕੰਪਨੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ। ਹਮਦਰਦ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਹਾਲ ਹੀ ਵਿੱਚ ਰਾਮਦੇਵ ਨੇ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਕਿਹਾ ਸੀ ਕਿ ‘‘ਹਮਦਰਦ ਦੇ ਰੂਹ ਅਫਜ਼ਾ ਤੋਂ ਕਮਾਏ ਪੈਸੇ ਨੂੰ ਮਦਰੱਸਿਆਂ ਅਤੇ ਮਸਜਿਦਾਂ ਦੇ ਨਿਰਮਾਣ ਵਿੱਚ ਲਗਾਇਆ ਜਾਂਦਾ ਹੈ।’’ ਰਾਮਦੇਵ ਨੇ ਹਾਲਾਂਕਿ ਮਗਰੋਂ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਨੇ ਕਿਸੇ ਬ੍ਰਾਂਡ ਜਾਂ ਭਾਈਚਾਰੇ ਦਾ ਨਾਂਅ ਨਹੀਂ ਲਿਆ ਸੀ। ਹਮਦਰਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਸਿਰਫ ਮੁਕਾਬਲੇਬਾਜ਼ੀ ਦੀ ਆਲੋਚਨਾ ਬਾਰੇ ਨਹੀਂ ਹੈ, ਸਗੋਂ ਫਿਰਕੂ ਪਾੜਾ ਵਧਾਉਣ ਬਾਰੇ ਹੈ। ਉਨ੍ਹਾ ਕਿਹਾ, ‘‘ਇਹ ਨਫਰਤ-ਭਰਿਆ ਭਾਸ਼ਣ ਹੈ। ਉਹ ਕਹਿੰਦੇ ਹਨ ਕਿ ਇਹ ‘ਸ਼ਰਬਤ ਜਿਹਾਦ’ ਹੈ। ਉਨ੍ਹਾ ਨੂੰ ਆਪਣਾ ਕੰਮ ਕਰਨ ਦਿਓ, ਉਹ ਸਾਨੂੰ ਕਿਉਂ ਨਿਸ਼ਾਨਾ ਬਣਾ ਰਹੇ ਹਨ?’’