ਜਗਮੋਹਨ ਸਿੰਘ ਰਾਜੂ ਦਾ ਅਸਤੀਫਾ

0
24

ਅੰਮਿ੍ਰਤਸਰ : ਪੰਜਾਬ ਦੀ ਭਾਜਪਾ ਇਕਾਈ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਗੰਭੀਰ ਜਥੇਬੰਦਕ ਬੇਨੇਮੀਆਂ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨਾਲ ਨਾਰਾਜ਼ਗੀ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਨੌਕਰਸ਼ਾਹ ਅਤੇ ਅੰਮਿ੍ਰਤਸਰ ਪੂਰਬੀ ਤੋਂ ਭਾਜਪਾ ਦੇ 2022 ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਰਾਜੂ ਨੇ ਪਾਰਟੀ ਦੇ ਸੂਬਾ ਪੱਧਰੀ ਅਹੁਦੇਦਾਰਾਂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਚਾਰ ਸਫਿਆਂ ਦਾ ਵਿਸਥਾਰਤ ਅਸਤੀਫਾ ਪਾਰਟੀ ਨੂੰ ਸੌਂਪਿਆ ਹੈ। ਉਨ੍ਹਾ ਆਪਣੇ ਅਸਤੀਫੇ ਵਿਚ ਸਿੱਧੇ ਤੌਰ ’ਤੇ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਸ੍ਰੀਵਾਸਤਵ ਅਤੇ ਅੰਮਿ੍ਰਤਸਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦਾ ਨਾਂਅ ਲਿਆ ਅਤੇ ਉਨ੍ਹਾਂ ’ਤੇ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਆਪਣੇ ਅਧਿਕਾਰਾਂ ਤੋਂ ਅਗਾਂਹ ਜਾਣ ਦਾ ਦੋਸ਼ ਲਗਾਇਆ। ਰਾਜੂ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਪਾਰਟੀ ਅੰਦਰੂਨੀ ਜਥੇਬੰਦਕ ਚੋਣਾਂ ਕਰਾਉਣ ਦੀ ਤਿਆਰੀ ਕਰ ਰਹੀ ਹੈ। ਸਤੰਬਰ 2023 ਵਿਚ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਰਾਜੂ ਪੰਜਾਬ ਭਾਜਪਾ ਦੇ ਅੰਦਰ ਇਸ ਅਹੁਦੇ ’ਤੇ ਪਹਿਲੇ ਵਿਅਕਤੀ ਸਨ, ਜਿਨ੍ਹਾ ਅੱਧ-ਵਿਚਕਾਰ ਅਸਤੀਫਾ ਦੇ ਦਿੱਤਾ ਹੈ। ਇਹ ਅਹੁਦਾ ਆਮ ਤੌਰ ’ਤੇ ਇਕ ਨਿਸਚਿਤ ਕਾਰਜਕਾਲ ਲਈ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਰਾਜੂ ਨੇ ਨਗਰ ਨਿਗਮ ਚੋਣਾਂ ਦੌਰਾਨ ਪਾਰਟੀ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਜਨਤਕ ਤੌਰ ’ਤੇ ਵਿਰੋਧ ਕੀਤਾ ਸੀ। ਉਨ੍ਹਾ ਇਹ ਵੀ ਮੰਗ ਕੀਤੀ ਸੀ ਕਿ ਅੰਮਿ੍ਰਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅਤੇ ਆਪਣੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਿਆ, ਜਿਸ ਦਾ ਇਸ ਮੁੱਦੇ ’ਤੇ ਵੱਖਰਾ ਸਟੈਂਡ ਸੀ।