ਬੀਬੀ ਗਾਮੀਵਾਲਾ ਨੂੰ ਇਨਸਾਫ ਦਿਵਾਉਣ ਲਈ ਥਾਣਾ ਬੋਹਾ ਦਾ ਘਿਰਾਓ 2 ਨੂੰ : ਅਰਸ਼ੀ

0
21

ਮਾਨਸਾ (ਆਤਮਾ ਸਿੰਘ ਪਮਾਰ)
ਕੌਮਾਂਤਰੀ ਇਸਤਰੀ ਦਿਵਸ ਦੇ ਸ਼ੁਭ ਦਿਹਾੜੇ ’ਤੇ 8 ਮਾਰਚ ਨੂੰ ਦਿਨ-ਦਿਹਾੜੇ ਭਰੇ ਬਜ਼ਾਰ ਕਸਬਾ ਬੋਹਾ ’ਚ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਨਜੀਤ ਕੌਰ ਗਾਮੀਵਾਲਾ ਦਾ ਡੂੰਘੀ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਗਿਆ ਸੀ। ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ �ਿਸ਼ਨ ਸਿੰਘ ਚੌਹਾਨ ਤੇ ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੀ ਪੀ ਆਈ ਸ਼ੁਰੂ ਤੋਂ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਇਹ ਕਤਲ ਕੋਈ ਸਧਾਰਨ ਘਟਨਾ ਨਹੀਂ, ਬਲਕਿ ਇੱਕ ਡੂੰਘੀ ਸਾਜ਼ਿਸ਼ ਅਤੇ ਸਿਆਸੀ ਮਨਸ਼ਾ ਦਾ ਸਿੱਟਾ ਹੈ, ਕਿਉਕਿ ਮਨਜੀਤ ਕੌਰ ਜਿੱਥੇ ਇੱਕ ਧੜੱਲੇਦਾਰ ਆਗੂ ਸੀ ਅਤੇ ਪੀੜਤਾਂ ਤੇ ਕਿਰਤੀਆਂ ਦੀ ਆਵਾਜ਼ ਅਤੇ ਧਿਰ ਬਣ ਕੇ ਹਰ ਸਮੇਂ ਖੜਦੀ ਸੀ, ਉੱਥੇ ਉਸ ਨੂੰ ਬੋਹਾ ਦੀ ਇੱਕ ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣਾ ਮਹਿੰਗਾ ਪਿਆ ਅਤੇ ਆਪਾ ਖਤਮ ਕਰਵਾਉਣ ਤੱਕ ਦੀ ਕੀਮਤ ਚੁਕਾਉਣੀ ਪਈ। ਉਹਨਾਂ ਕਿਹਾ ਹੈ ਕਿ ਇਸ ਕਤਲ ਕੇਸ ਵਿੱਚ ਮੁੱਖ ਸਾਜ਼ਿਸ਼ ਕਰਤਾ ’ਤੇ ਐੱਚ ਐੱਚ ਓ ਬੋਹਾ ਦੀ ਸੁਵੱਲੀ ਨਜ਼ਰ ਕਰਕੇ ਹੀ ਮੁੱਖ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਿਹਾ ਹੈ। ਐੱਸ ਐੱਚ ਓ ਦੀ ਭੂਮਿਕਾ ਲਗਾਤਾਰ ਨਾਂਹ-ਪੱਖੀ ਹੀ ਰਹੀ ਹੈ, ਉਹ ਸ਼ੁਰੂ ਤੋਂ ਹੀ ਕੇਸ ਨੂੰ ਕਮਜ਼ੋਰ ਕਰਨ ਦਾ ਯਤਨ ਕਰਦਾ ਆ ਰਿਹਾ ਹੈ, ਉਸੇ ਕਾਰਨ ਹੀ ਦੋ ਦੋਸ਼ੀਆਂ ਨੂੰ ਕੇਸ ’ਚੋਂ ਬਾਹਰ ਕੱਢਿਆ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਰਹਿੰਦੇ ਮੁਲਜ਼ਮਾਂ ਨੂੰ ਵੀ ਕੇਸ ਵਿੱਚੋਂ ਬਾਹਰ ਕਰਕੇ ਕੇਸ ਬਿਲਕੁੱਲ ਖਤਮ ਕਰਨ ਦੀ ਇੱਛਾ ਮਨ ਹੀ ਮਨ ਪਾਲ ਰੱਖੀ ਹੋਵੇ। ਲੱਗਭੱਗ ਦੋ ਮਹੀਨੇ ਬੀਤਣ ਉਪਰੰਤ ਵੀ ਰਹਿੰਦੇ ਇੱਕ ਮੁਲਜ਼ਮ ਨੂੰ ਗ਼ਿ੍ਰਫ਼ਤਾਰ ਨਹੀਂ ਕੀਤਾ ਗਿਆ। ਭਾਵੇਂ ਐੱਸ ਐੱਚ ਓ ਬੋਹਾ ਨੂੰ ਤਬਦੀਲ ਕਰਕੇ ਬੁਢਲਾਡਾ ਸਦਰ ਲਾਇਆ ਗਿਆ ਹੈ, ਪ੍ਰੰਤੂ ਉਸ ਨੂੰ ਮੁਅੱਤਲ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੀ ਪੀ ਆਈ ਨੂੰ ਮਜਬੂਰਨ ਮਨਜੀਤ ਗਾਮੀਵਾਲਾ ਨੂੰ ਇਨਸਾਫ਼ ਦਿਵਾਉਣ ਲਈ 2 ਮਈ ਨੂੰ ਸਵੇਰੇ 10 ਵਜੇ ਥਾਣਾ ਬੋਹਾ ਦਾ ਘਿਰਾਓ ਕਰਨਾ ਪੈ ਰਿਹਾ ਹੈ।
ਆਗੂਆਂ ਵੱਲੋਂ ਮੰਗ ਕੀਤੀ ਜਾਵੇਗੀ ਕਿ ਦੋਸ਼ੀ ਮੁੱਖ ਸਾਜ਼ਿਸ਼ਕਰਤਾ ਨੂੰ ਬਚਾਉਣ ਵਾਲੇ ਐੱਸ ਐੱਚ ਓ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਕੇਸ ’ਚੋਂ ਬਾਹਰ ਕੀਤੇ ਗਏ ਦੋਵੇਂ ਮੁਲਜ਼ਮ ਗ਼ਿ੍ਰਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤੇ ਜਾਣ, ਕਤਲ ਕੇਸ ਦੇ ਮੁੱਖ ਸਾਜ਼ਿਸ਼ਕਰਤਾ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਰਹਿੰਦੇ ਮੁਲਜ਼ਮਾਂ ਨੂੰ ਵੀ ਬਿਨਾਂ ਦੇਰੀ ਪੁਲਸ ਹਿਰਾਸਤ ’ਚ ਲਿਆ ਜਾਵੇ।ਕਮਿਊਨਿਸਟ ਆਗੂਆਂ ਨੇ ਜ਼ਿਲ੍ਹਾ ਮਾਨਸਾ ਦੀਆਂ ਸਾਰੀਆਂ ਸਿਆਸੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਉਕਤ ਘਿਰਾਓ ’ਚ ਸ਼ਮੂਲੀਅਤ ਦੀ ਪੁਰਜ਼ੋਰ ਅਪੀਲ ਵੀ ਕੀਤੀ। ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਮੀਤ ਸਕੱਤਰ ਮਲਕੀਤ ਮੰਦਰਾਂ ਤੇ ਟਰੇਡ ਯੂਨੀਅਨ ਆਗੂ ਜਗਸੀਰ ਰਾਏਕੇ ਨੇ ਦੱਸਿਆ ਕਿ 2 ਮਈ ਨੂੰ ਥਾਣਾ ਬੋਹਾ ਦੇ ਘਿਰਾਓ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਪਾਰਟੀ ਵਰਕਰਾਂ, ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਸਮੇਤ ਔਰਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।