ਜੈਪੁਰ : ਰਾਜਸਥਾਨ ਦੇ ਸ਼ੈਤਾਨ ਸਿੰਘ ਨੂੰ ਵਿਆਹ ਲਈ ਹੁਣ ਮੁੜ ਉਡੀਕ ਕਰਨੀ ਪਵੇਗੀ, ਕਿਉਂਕਿ ਉਸ ਨੇ ਵਿਆਹ ਕਰਵਾਉਣ ਲਈ ਪਾਕਿਸਤਾਨ ਜਾਣਾ ਹੈ। ਸ਼ੈਤਾਨ ਸਿੰਘ ਦੀ ਮੰਗਣੀ ਚਾਰ ਸਾਲ ਪਹਿਲਾਂ ਪਾਕਿਸਤਾਨ ਦੇ ਸਿੰਧ ਸੂਬੇ ਦੀ ਕੇਸਰ ਕੰਵਰ ਨਾਲ ਹੋਈ ਸੀ। ਲਾੜੇ ਦੇ ਪਰਵਾਰ ਨੂੰ ਵੀਜ਼ਾ ਹਾਸਲ ਕਰਨ ਲਈ ਹੀ ਸਾਲਾਂ ਤੋਂ ਸੰਘਰਸ਼ ਕਰਨਾ ਪੈ ਰਿਹਾ ਸੀ, ਪਰ ਜਦੋਂ ਆਖ਼ਰ ਸਾਰਾ ਕੁਝ ਹੋ ਗਿਆ ਤਾਂ ਉਸ ਨੂੰ ਵਿਆਹ ਲਈ ਇੱਕ ਹੋਰ ਰੁਕਾਵਟ ਦਾ ਸਾਹਮਣਾ ਕਰਨਾ ਪਿਆ, ਜਦੋਂ ਸਰਕਾਰ ਨੇ ਅਟਾਰੀ ਸਰਹੱਦ ਬੰਦ ਕਰ ਦਿੱਤੀ। 30 ਅਪਰੈਲ ਨੂੰ ਪਾਕਿਸਤਾਨ ਦੇ ਸ਼ਹਿਰ ਅਮਰਕੋਟ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਸ਼ੈਤਾਨ ਸਿੰਘ ਆਪਣੇ ਪਰਵਾਰ ਅਤੇ ਬਰਾਤ ਨਾਲ ਮੰਗਲਵਾਰ ਨੂੰ ਬਾੜਮੇਰ ਜ਼ਿਲ੍ਹੇ ਤੋਂ ਅਟਾਰੀ ਸਰਹੱਦ ਲਈ ਰਵਾਨਾ ਹੋਇਆ, ਪਰ ਜਦੋਂ ਤੱਕ ਉਹ ਉੱਥੇ ਪਹੁੰਚੇ, ਅਧਿਕਾਰੀਆਂ ਨੇ ਉਨ੍ਹਾਂ ਨੂੰ ਸਰਹੱਦ ਪਾਰ ਜਾਣ ਤੋਂ ਰੋਕ ਦਿੱਤਾ, ਕਿਉਂਕਿ ਭਾਰਤ ਨੇ ਬੁੱਧਵਾਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜਵਾਬੀ ਕਾਰਵਾਈਆਂ ਦੀ ਲੜੀ ਦੇ ਹਿੱਸੇ ਵਜੋਂ ਅਟਾਰੀ-ਵਾਹਗਾ ਸਰਹੱਦ ਨੂੰ ਤੁਰੰਤ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ।
ਸ਼ੈਤਾਨ ਸਿੰਘ ਨੇ ਕਿਹਾ, ‘ਅਸੀਂ ਇਸ ਦਿਨ ਲਈ ਬਹੁਤ ਉਡੀਕ ਕੀਤੀ ਸੀ, ਸਾਡੇ ਸਾਲਾਂ ਦੇ ਯਤਨਾਂ ਤੋਂ ਬਾਅਦ ਹਾਲ ਹੀ ਵਿੱਚ 18 ਫਰਵਰੀ ਨੂੰ ਵੀਜ਼ਾ ਦਿੱਤਾ ਗਿਆ ਸੀ।’ ਲਾੜੇ ਦੇ ਚਚੇਰੇ ਭਰਾ ਸੁਰਿੰਦਰ ਸਿੰਘ ਨੇ ਕਿਹਾ ਕਿ ਸਥਿਤੀ ਨੇ ਦੋਵਾਂ ਪਰਵਾਰਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਉਸ ਨੇ ਕਿਹਾ, ‘ਪਾਕਿਸਤਾਨ ਤੋਂ ਸਾਡੇ ਰਿਸ਼ਤੇਦਾਰ ਇੱਥੇ ਆਏ ਸਨ, ਪਰ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਅਸੀਂ ਬਹੁਤ ਨਿਰਾਸ਼ ਹਾਂ। ਅੱਤਵਾਦੀ ਹਮਲਿਆਂ ਨਾਲ ਬਹੁਤ ਨੁਕਸਾਨ ਹੁੰਦਾ ਹੈ। ਰਿਸ਼ਤੇ ਵਿਗੜ ਜਾਂਦੇ ਹਨ। ਸਰਹੱਦ ’ਤੇ ਆਵਾਜਾਈ ਰੁਕ ਜਾਂਦੀ ਹੈ।’
ਬਾੜਮੇਰ ਜ਼ਿਲ੍ਹੇ ਦੇ ਇੰਦਰੋਈ ਪਿੰਡ ਦੇ ਵਸਨੀਕ ਸ਼ੈਤਾਨ ਸਿੰਘ ਦਾ ਵੀਜ਼ਾ 12 ਮਈ ਤੱਕ ਦਾ ਹੈ, ਜਿਸ ਨਾਲ ਪਰਵਾਰਾਂ ਨੂੰ ਉਮੀਦ ਦੀ ਕਿਰਨ ਬੱਝਦੀ ਹੈ ਕਿ ਜੇ ਸਰਹੱਦ ਸਮੇਂ ਸਿਰ ਖੁੱਲ੍ਹ ਜਾਂਦੀ ਹੈ ਤਾਂ ਵਿਆਹ ਅਜੇ ਵੀ ਹੋ ਸਕਦਾ ਹੈ। ਲਾੜੇ ਨੇ ਕਿਹਾ, ‘ਅੱਤਵਾਦੀਆਂ ਨੇ ਜੋ ਵੀ ਕੀਤਾ, ਉਹ ਗਲਤ ਸੀ। ਵਿਆਹ ਵਿੱਚ ਵਿਘਨ ਪਿਆ ਹੈ। ਕੀ ਕਰੀਏ? ਇਹ ਸਰਹੱਦਾਂ ਦਾ ਮਾਮਲਾ ਹੈ।’ ਉਸ ਨੇ ਦੱਸਿਆ ਕਿ ਸਰਹੱਦ ਪਾਰ ਵਿਆਹ ਦਾ ਰਿਸ਼ਤਾ ਪਰਵਾਰਕ ਸੰਬੰਧਾਂ ਰਾਹੀਂ ਤੈਅ ਹੋਇਆ ਸੀ, ਜੋ ਕਿ ਸੋਢਾ ਰਾਜਪੂਤ ਭਾਈਚਾਰੇ ਵਿੱਚ ਇਕ ਆਮ ਪ੍ਰਥਾ ਹੈ। ਇਸ ਭਾਈਚਾਰੇ ਦੀ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਕਾਫੀ ਆਬਾਦੀ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਭਾਈਚਾਰੇ ਦੇ ਅੰਦਰ ਵਿਆਹ ਕਰਨਾ ਪਸੰਦ ਕਰਦੇ ਹਨ ਅਤੇ ਅਕਸਰ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਸਰਹੱਦ ਪਾਰ ਵਿਆਹ ਦੀ ਮੰਗ ਕਰਦੇ ਹਨ। ਸ਼ੈਤਾਨ ਸਿੰਘ, ਇਸ ਖੇਤਰ ਦੇ ਬਹੁਤ ਸਾਰੇ ਲੋਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ ਵਿੱਚ ਹਨ।