ਇਸਲਾਮਾਬਾਦ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫੈਸਲੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਪਾਣੀ ਰੋਕਿਆ ਗਿਆ ਤਾਂ ਦਰਿਆਵਾਂ ਵਿੱਚ ਖੂਨ ਵਹਿ ਜਾਵੇਗਾ। ਮੁਲਕ ਦੇ ਸਾਬਕਾ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ‘ਦੀ ਨਿਊਜ਼’ ਨੇ ਇਹ ਰਿਪੋਰਟ ਨਸ਼ਰ ਕੀਤੀ ਹੈ।
ਬਿਲਾਵਲ ਨੇ ਆਪਣੇ ਜੱਦੀ ਸਿੰਧ ਸੂਬੇ ਦੇ ਸੱਖਰ ਇਲਾਕੇ ’ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਿੰਧ ਦਰਿਆ ਸਾਡਾ ਹੈ ਅਤੇ ਸਾਡਾ ਹੀ ਰਹੇਗਾ ਜਾਂ ਤਾਂ ਸਾਡਾ ਪਾਣੀ ਇਸ ਵਿੱਚੋਂ ਵਹੇਗਾ ਜਾਂ ਉਨ੍ਹਾਂ ਦਾ ਖੂਨ। ਸਿੰਧ ਦਰਿਆ ਸਿੰਧ ਸੂਬੇ ਵਿੱਚੋਂ ਵਗਦਾ ਹੈ ਅਤੇ ਸਿੰਧੂ ਘਾਟੀ ਸੱਭਿਅਤਾ ਦਾ ਸ਼ਹਿਰ ਮੋਹਿੰਜੋਦੜੋ ਇਸ ਦੇ ਕੰਢਿਆਂ ’ਤੇ ਵਧਿਆ-ਫੁੱਲਿਆ।’ ਬਿਲਾਵਲ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦਾ ਵਾਰਿਸ ਹੈ, ਪਰ ਉਹ ਸੱਭਿਅਤਾ ਲੜਕਾਨਾ ਦੇ ਮੋਹਿੰਜੋਦੜੋ ਵਿੱਚ ਹੈ। ਅਸੀਂ ਇਸ ਦੇ ਸੱਚੇ ਰਖਵਾਲੇ ਹਾਂ ਅਤੇ ਅਸੀਂ ਇਸ ਦੀ ਰੱਖਿਆ ਕਰਾਂਗੇ।’ ਬਿਲਾਵਲ ਨੇ ਕਿਹਾ ਕਿ ਮੋਦੀ ਸਿੰਧ ਦਰਿਆ ਅਤੇ ਸਿੰਧ ਸੂਬੇ ਦੇ ਲੋਕਾਂ ਵਿਚਕਾਰ ਯੁੱਗਾਂ ਪੁਰਾਣੇ ਰਿਸ਼ਤੇ ਨੂੰ ਤੋੜ ਨਹੀਂ ਸਕਦੇ। ਉਨ੍ਹਾ ਕਿਹਾ, ‘ਭਾਰਤ ਸਰਕਾਰ ਨੇ ਆਪਣੀਆਂ ਅੱਖਾਂ ਪਾਕਿਸਤਾਨ ਦੇ ਪਾਣੀ ’ਤੇ ਰੱਖੀਆਂ ਹਨ ਅਤੇ ਸਥਿਤੀ ਚੌਹਾਂ ਸੂਬਿਆਂ ਵਿਚਾਲੇ ਏਕਤਾ ਦੀ ਮੰਗ ਕਰਦੀ ਹੈ, ਤਾਂ ਜੋ ਉਨ੍ਹਾਂ ਦੇ ਪਾਣੀ ਦੀ ਰੱਖਿਆ ਕੀਤੀ ਜਾ ਸਕੇ।’ ਉਨ੍ਹਾ ਕਿਹਾ, ‘ਨਾ ਤਾਂ ਪਾਕਿਸਤਾਨ ਦੇ ਲੋਕ ਅਤੇ ਨਾ ਹੀ ਕੌਮਾਂਤਰੀ ਭਾਈਚਾਰਾ ਮੋਦੀ ਦੀ ਸਿੰਧ ਦੇ ਪਾਣੀ ਨੂੰ ਪਾਕਿਸਤਾਨ ਤੋਂ ਦੂਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਕਰਨਗੇ। ਅਸੀਂ ਦੁਨੀਆ ਨੂੰ ਸੁਨੇਹਾ ਭੇਜਾਂਗੇ ਕਿ ਸਿੰਧ ’ਤੇ ਡਾਕਾ ਮਨਜ਼ੂਰ ਨਹੀਂ ਕੀਤਾ ਜਾਵੇਗਾ।’
ਉਨ੍ਹਾ ਆਪਣੇ ਸਮਰਥਕਾਂ ਨੂੰ ਭਾਰਤੀ ਹਮਲੇ ਤੋਂ ਆਪਣੇ ਦਰਿਆ ਦੀ ਰੱਖਿਆ ਲਈ ਦਿ੍ਰੜ੍ਹ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਬਿਲਾਵਲ, ਜੋ ਪਾਕਿਸਤਾਨ ਦੇ ਸਭ ਤੋਂ ਛੋਟੀ ਉਮਰ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਦੇਸ਼ ਅਤੇ ਇਸ ਦੇ ਲੋਕ ਭਾਰਤ ਵਿੱਚ ਹੋਏ ਹਾਲ ਹੀ ਦੇ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਨ, ਕਿਉਂਕਿ ਖੁਦ ਪਾਕਿਸਤਾਨੀ ਵੀ ਅੱਤਵਾਦ ਦਾ ਸ਼ਿਕਾਰ ਹਨ।