ਨਿਰਪੱਖ ਜਾਂਚ ਕਰਵਾ ਲਓ : ਸ਼ਾਹਬਾਜ਼

0
13

ਪਿਸ਼ਾਵਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਹਿਲਗਾਮ ਹਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਵਿੱਚ ਹਿੱਸਾ ਲੈਣ ਲਈ ਇਸਲਾਮਾਬਾਦ ਦੀ ਇੱਛਾ ਜ਼ਾਹਰ ਕੀਤੀ ਹੈ।
ਖੈਬਰ ਪਖਤੂਨਖਵਾ ਸੂਬੇ ’ਚ ਕਾਕੁਲ ਵਿਖੇ ਪਾਕਿਸਤਾਨ ਮਿਲਟਰੀ ਅਕੈਡਮੀ ਵਿੱਚ ਇੱਕ ਪਾਸਿੰਗ-ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਕਿਹਾ, ‘ਇੱਕ ਜ਼ਿੰਮੇਵਾਰ ਮੁਲਕ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਦੇ ਹੋਏ ਪਾਕਿਸਤਾਨ ਕਿਸੇ ਵੀ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਵਿੱਚ ਹਿੱਸਾ ਲੈਣ ਲਈ ਤਿਆਰ ਹੈ।’ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਦੁਨੀਆ ਦਾ ਮੋਹਰੀ ਮੁਲਕ ਦੱਸਦਿਆਂ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਦੇਸ਼ ਨੇ ਇਸ ਕਾਰਨ ਭਾਰੀ ਨੁਕਸਾਨ ਝੱਲਿਆ ਹੈ।ਸਰਕਰਦਾ ਪਾਕਿਸਤਾਨੀ ਅਖਬਾਰ ‘ਡਾਨ’ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ, ‘ਦਹਿਸ਼ਤਗਰਦੀ ਖਿਲਾਫ ਦੁਨੀਆ ਦੇ ਮੋਹਰੀ ਮੁਲਕ ਹੋਣ ਦੇ ਨਾਤੇ ਅਸੀਂ ਬਹੁਤ ਵੱਡਾ ਨੁਕਸਾਨ ਝੱਲਿਆ ਹੈ, ਜਿਵੇਂ 90,000 ਲੋਕਾਂ ਦਾ ਜਾਨੀ ਨੁਕਸਾਨ ਤੇ ਕਲਪਨਾ ਤੋਂ ਪਰੇ ਆਰਥਕ ਨੁਕਸਾਨ, ਜੋ 600 ਅਰਬ ਡਾਲਰ ਤੋਂ ਵੱਧ ਬਣਦਾ ਹੈ।’
ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਮੰਨਿਆ ਸੀ ਕਿ ਉਨ੍ਹਾ ਦਾ ਮੁਲਕ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਤੇ ਸਮਰਥਨ ਦੇ ਰਿਹਾ ਹੈ। ਵਾਇਰਲ ਹੋਈ ਇੱਕ ਵੀਡੀਓ ਕਲਿੱਪ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਸਕਾਈ ਨਿਊਜ਼ ਦੀ ਪੇਸ਼ਕਾਰ ਯਲਦਾ ਹਕੀਮ ਨਾਲ ਗੱਲਬਾਤ ਕਰ ਰਹੇ ਸਨ।
ਜਦੋਂ ਉਸ ਨੇ ਉਨ੍ਹਾ ਨੂੰ ਪੁੱਛਿਆ, ‘ਤੁਸੀਂ ਮੰਨਦੇ ਹੋ, ਸਰ, ਕਿ ਪਾਕਿਸਤਾਨ ਦਾ ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਸਮਰਥਨ ਅਤੇ ਸਿਖਲਾਈ ਤੇ ਫੰਡਿੰਗ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ?’ ਤਾਂ ਖਵਾਜਾ ਆਸਿਫ਼ ਨੇ ਆਪਣੇ ਜਵਾਬ ਵਿੱਚ ਕਿਹਾ, ‘ਅਸੀਂ ਲਗਭਗ ਤਿੰਨ ਦਹਾਕਿਆਂ ਤੋਂ ਅਮਰੀਕਾ ਲਈ ਇਹ ਗੰਦਾ ਕੰਮ ਕਰ ਰਹੇ ਹਾਂ ਅਤੇ ਨਾਲ ਹੀ ਪੱਛਮ ਲਈ, ਜਿਸ ਵਿੱਚ ਬਿ੍ਰਟੇਨ ਵੀ ਸ਼ਾਮਲ ਹੈ। ਇਹ ਇੱਕ ਗਲਤੀ ਸੀ ਅਤੇ ਅਸੀਂ ਇਸ ਦਾ ਦੁੱਖ ਝੱਲਿਆ ਅਤੇ ਇਸੇ ਲਈ ਤੁਸੀਂ ਮੈਨੂੰ ਇਹ ਕਹਿ ਰਹੇ ਹੋ। ਜੇ ਅਸੀਂ ਸੋਵੀਅਤ ਯੂਨੀਅਨ ਵਿਰੁੱਧ ਜੰਗ ਅਤੇ ਬਾਅਦ ਵਿੱਚ 9/11 ਤੋਂ ਬਾਅਦ ਜੰਗ ਵਿੱਚ ਸ਼ਾਮਲ ਨਾ ਹੁੰਦੇ ਤਾਂ ਪਾਕਿਸਤਾਨ ਦਾ ਟਰੈਕ ਰਿਕਾਰਡ ਨਿਰਦੋਸ਼ ਹੁੰਦਾ।’ ਪਾਕਿਸਤਾਨੀ ਰੱਖਿਆ ਮੰਤਰੀ ਨੇ ਯਲਦਾ ਹਕੀਮ ਨਾਲ ਇੰਟਰਵਿਊ ਵਿੱਚ ਭਾਰਤ ਨਾਲ ‘ਪੂਰੀ ਜੰਗ’ ਦੀ ਚੇਤਾਵਨੀ ਵੀ ਦਿੱਤੀ।