ਮੁੰਬਈ : ਇੱਥੇ ਐਤਵਾਰ ਈ ਡੀ ਦੇ ਦਫਤਰ ਵਿੱਚ ਅੱਗ ਲੱਗਣ ਨਾਲ ਕਈ ਅਹਿਮ ਦਸਤਾਵੇਜ਼ ਸੜ ਗਏ। ਬਲੱਰਡ ਅਸਟੇਟ ਇਲਾਕੇ ਵਿੱਚ ਸਥਿਤ ਇਮਾਰਤ ‘ਕੈਸਰ-ਇ-ਹਿੰਦ’ ਵਿੱਚ ਲੱਗੀ ਅੱਗ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਐਤਵਾਰ ਵੱਡੇ ਤੜਕੇ ਕਰੀਬ ਢਾਈ ਵਜੇ ਲੱਗੀ ਤੇ ਤੇਜ਼ੀ ਨਾਲ ਫੈਲ ਗਈ। ਅੱਗ ਬੁਝਾਉਣ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ। ਫਰਨੀਚਰ ਤੇ ਦਸਤਾਵੇਜ਼ਾਂ ਸਣੇ ਕਾਫੀ ਨੁਕਸਾਨ ਹੋ ਗਿਆ।
ਮਹਿਲਾ ‘ਆਪ’ ਆਗੂ ਸਣੇ ਤਿੰਨ ਖਿਲਾਫ ਕੇਸ ਦਰਜ
ਬਠਿੰਡਾ : ਇੱਥੇ ਸਿਵਲ ਲਾਈਨ ਥਾਣੇ ਵਿੱਚ ਆਮ ਆਦਮੀ ਪਾਰਟੀ ਦੀ ਸਰਗਰਮ ਮਹਿਲਾ ਆਗੂ ਤੇ ਪਿੰਡ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਅਤੇ ਉਸ ਦੇ ਪੁੱਤਰ ਸਣੇ ਤਿੰਨ ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪਿੰਡ ਦੇ ਹੀ ਇੱਕ ਨੌਜਵਾਨ ਦੀ ਸ਼ਿਕਾਇਤ ’ਤੇ ਹੋਈ ਹੈ, ਜਿਸ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਦੀ ਕੋਸਿਸ਼ ਕੀਤੀ ਸੀ। ਥਾਣਾ ਮੁਖੀ ਹਰਜੋਤ ਸਿੰਘ ਨੇ ਦੱਸਿਆ ਕਿ ਪੀੜਤ ਗੁਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਦੀ ਸ਼ਿਕਾਇਤ ਉਤੇ ਸਰਪੰਚ ਸਤਵੀਰ ਕੌਰ, ਉਸ ਦੇ ਪੁੱਤਰ ਉਂਕਾਰ ਸਿੰਘ ਅਤੇ ਉਸ ਦੇ ਦੋਸਤ ਤਰਨਵੀਰ ਸਿੰਘ ਵਿਰੁੱਧ ਬੀ ਐੱਨ ਐੱਸ ਦੀ ਧਾਰਾ 108 ਅਤੇ 56 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਦਈ ਦੀ ਸਰਪੰਚ ਦੇ ਪੁੱਤਰ ਅਤੇ ਉਸ ਦੇ ਦੋਸਤ ਨੇ ਕੁੱਝ ਦਿਨ ਪਹਿਲਾਂ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਸੀ। ਪਤਾ ਲੱਗਿਆ ਹੈ ਕਿ ਮੁੰਡਿਆਂ ਦੀ ਆਪਸ ਵਿਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਗੁਰਦੀਪ ਸਿੰਘ ਨੇ ਬਠਿੰਡਾ ਦੇ ਭੱਟੀ ਰੋਡ ਸਥਿਤ ਆਪਣੇ ਭਰਾ ਦੇ ਸੈਲੂਨ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ। ਉਹ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਿਆ, ਜਿਸ ਦੇ ਚੱਲਦੇ ਹੁਣ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।