ਅੰਮਿ੍ਰਤਸਰ : ਪੰਜਾਬ ਪੁਲਸ ਨੇ ਪਾਕਿਸਤਾਨ ਨਾਲ ਕਥਿਤ ਸੰਬੰਧਾਂ ਵਾਲੇ ਇੱਕ ਹਥਿਆਰ ਤਸਕਰੀ ਮਡਿਊਲ ਦਾ ਪਰਦਾਫਾਸ਼ ਕਰਦਿਆਂ ਅੰਮਿ੍ਰਤਸਰ ਤੋਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਕੋਲੋਂ ਕਥਿਤ ਸੱਤ ਪਿਸਤੌਲ, ਚਾਰ ਕਾਰਤੂਸ ਅਤੇ ਡੇਢ ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਡੀ ਜੀ ਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਇੱਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਨੇ ਪਾਕਿਸਤਾਨ ਨਾਲ ਜੁੜੇ ਇੱਕ ਗੈਰਕਾਨੂੰਨੀ ਹਥਿਆਰ ਤਸਕਰੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਅੰਮਿ੍ਰਤਸਰ ਤੋਂ ਅਭਿਸ਼ੇਕ ਕੁਮਾਰ ਨੂੰ ਗਿ੍ਰਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 7 ਪਿਸਤੌਲ (.30 ਬੋਰ ਦੇ 5 ਪਿਸਤੌਲ ਅਤੇ 2 ਗਲੌਕ 9 ਐੱਮ ਐੱਮ ਪਿਸਤੌਲ), 4 ਕਾਰਤੂਸ (.30 ਬੋਰ) ਅਤੇ ਡੇਢ ਲੱਖ ਰੁਪਏ ਬਰਾਮਦ ਕੀਤੇ ਹਨ।’’ ਉਨ੍ਹਾ ਕਿਹਾ ਕਿ ਆਸਟਰੇਲੀਆ ਅਧਾਰਤ ਜੱਸਾ, ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲ ਕੇ ਆਪਣੇ ਮੁਕਾਮੀ ਸਾਥੀਆਂ ਜੋਧਬੀਰ ਸਿੰਘ ਉਰਫ ਜੋਧਾ ਅਤੇ ਅਭਿਸ਼ੇਕ ਕੁਮਾਰ ਦੀ ਮਦਦ ਨਾਲ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਗੈਰਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਦਾ ਪ੍ਰਬੰਧ ਕਰਦਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਸ਼ੇਕ ਕੁਮਾਰ ਅਤੇ ਜੋਧਬੀਰ ਸਿੰਘ ਉਰਫ ਜੋਧਾ ਕਥਿਤ ਤੌਰ ’ਤੇ ਹਵਾਲਾ ਲੈਣ-ਦੇਣ ਵਿੱਚ ਵੀ ਸ਼ਾਮਲ ਹਨ, ਜੋ ਅਪਰਾਧਕ ਸਰਗਰਮੀਆਂ ਵਿੱਚ ਲੱਗੇ ਵੱਡੇ ਨੈੱਟਵਰਕ ਨਾਲ ਉਨ੍ਹਾਂ ਦੇ ਸੰਬੰਧ ਨੂੰ ਦਰਸਾਉਂਦਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮਿ੍ਰਤਸਰ ਵਿੱਚ ਇਸ ਸੰਬੰਧੀ ਐੱਫ ਆਈ ਆਰ ਦਰਜ ਕੀਤੀ ਗਈ ਹੈ।