ਕੈਨੇਡੀਅਨ ਅੱਜ ਨਵੀਂ ਸਰਕਾਰ ਚੁਣਨਗੇ

0
18

ਵੈਨਕੂਵਰ : ਕੈਨੇਡਾ ਦੀ 45ਵੀਂ ਲੋਕ ਸਭਾ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ। ਵੋਟਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਅਨੁਸਾਰ ਆਪਣੇ ਘਰਾਂ ਨੇੜਲੇ ਵੋਟ ਕੇਂਦਰਾਂ ’ਤੇ ਜਾ ਕੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਬੇਸ਼ੱਕ ਚੋਣ ਅਖਾੜੇ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ, ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੇੜੇ ਆਉਂਦਾ ਗਿਆ, ਦੋਹਾਂ ਪਾਰਟੀਆਂ ਲਿਬਰਲਜ਼ ਤੇ ਕੰਜ਼ਰਵੇਟਿਵ ਦਰਮਿਆਨ ਮੁਕਾਬਲਾ ਫਸਵਾਂ ਬਣ ਗਿਆ ਹੈ। ਬੇਸ਼ੱਕ ਹਵਾ ਦੀ ਘੁੰਮਣਘੇਰੀ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ’ਤੇ ਜਾਣਗੇ, ਪਰ ਉਨ੍ਹਾਂ ’ਚੋਂ ਹੀ ਵੋਟਰਾਂ ਦਾ ਇੱਕ ਵਰਗ ਅਜਿਹਾ ਵੀ ਹੈ, ਜੋ ਵੋਟ ਕੇਂਦਰਾਂ ’ਤੇ ਜਾ ਕੇ ਹਵਾ ਦੇ ਵਹਿਣ ਵਿੱਚ ਵਹਿ ਕੇ ਫਸਵੀਂ ਟੱਕਰ ਦੇ ਨਤੀਜੇ ਪ੍ਰਭਾਵਤ ਕਰ ਸਕਣ ਦੇ ਸਮਰੱਥ ਹੈ। ਲੰਘੇ ਹਫਤੇ ਅਗਾਊਂ ਵੋਟਾਂ ਮੌਕੇ ਇਸ ਵਾਰ 26 ਫੀਸਦ ਦਾ ਵਾਧਾ ਦਰਜ ਹੋਇਆ, ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਹਨ। ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸਾਬਤ ਵੀ ਹੋ ਚੁੱਕਾ ਹੈ, ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਨਾਲ ਸਿੱਝਣ ਦੀ ਯੋਗਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਵਜੋਂ ਲੈ ਰਹੇ ਹਨ। ਬਿਨਾਂ ਸ਼ੱਕ ਪਾਰਟੀ ਆਗੂਆਂ ਵੱਲੋਂ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਗਈ, ਪਰ ਚੋਣ ਮੈਦਾਨ ਵਿੱਚ ਕੁੱਦੇ ਉਮੀਦਵਾਰਾਂ ਵੱਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਗਿਆ।