ਬੁਢਲਾਡਾ (ਅਸ਼ੋਕ ਲਾਕੜਾ)
ਸੀ.ਪੀ.ਆਈ. ਦੇ ਸੂਬਾ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਨੂੰ ਕੌਮਾਂਤਰੀ ਇਸਤਰੀ ਦਿਹਾੜੇ ਦੇ ਦਿਨ 8 ਮਾਰਚ ਨੂੰ ਕਸਬਾ ਬੋਹਾ ਵਿਖੇ ਭਾੜੇ ਦੇ ਗੁੰਡਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਐੱਸ.ਐੱਚ.ਓ. ਬੋਹਾ ਜਗਦੇਵ ਸਿੰਘ ਦੀ ਦੋਸ਼ੀਆਂ ਨੂੰ ਬਚਾਉਣ ਅਤੇ ਆਰੰਭ ਤੋਂ ਸ਼ੱਕੀ ਭੂਮਿਕਾ ਸੰਬੰਧੀ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਇਸ ਸੰਬੰਧੀ ਆਵਾਜ਼ ਉਠਾ ਰਹੀ ਹੈ, ਪਰੰਤੂ ਜ਼ਿਲ੍ਹਾ ਪੁਲਸ ਮੁਖੀ ਇਸ ਮਾਮਲੇ ’ਚ ਮੂਕ ਦਰਸ਼ਕ ਬਣੇ ਹੋਏ ਹਨ।ਕਮਿਊਨਿਸਟ ਆਗੂ ਨੇ ਕਿਹਾ ਕਿ ਇਸ ਕਤਲ ਕਾਂਡ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਦੀ ਬਜਾਏ ਸ਼ਰੇਆਮ ਦੋਸ਼ੀਆਂ ਨੂੰ ਬਚਾਉਣ ਲਈ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਉਕਤ ਐੱਸ ਐੱਚ ਓ ਜਗਦੇਵ ਸਿੰਘ ਦੀ ਬੋਹਾ ਥਾਣੇ ਤੋਂ ਬਦਲੀ ਕਰ ਦਿੱਤੀ ਹੈ ਪਰੰਤੂ ਉਸ ਦੀ ਭੂਮਿਕਾ ਤੇ ਦੋਸ਼ੀਆਂ ਨਾਲ ਉਸ ਦੀ ਮਿਲੀਭੁਗਤ ਵਾਲੇ ਰੋਲ ਨੂੰ ਨੰਗਾ ਨਹੀਂ ਕੀਤਾ ਜਾ ਰਿਹਾ। ਉਨ੍ਹਾ ਦੱਸਿਆ ਕਿ ਕਮਿਊਨਿਸਟ ਪਾਰਟੀ ਦੁਆਰਾ ਸਾਜ਼ਿਸ਼ ਕਰਤਾ ਬਾਰੇ ਫੀਡ ਬੈਕ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਉਕਤ ਮਾਮਲੇ ਵਿੱਚ ਐੱਸ.ਐੱਸ.ਪੀ. ਦਾ ਰਵੱਈਆ ਸ਼ੁਰੂ ਤੋਂ ਨਾਂਹਪੱਖੀ ਰਿਹਾ ਹੈ, ਉਕਤ ਪੁਲਸ ਅਧਿਕਾਰੀ ਗੱਲ ਸੁਣਨ ਤੱਕ ਤਿਆਰ ਨਹੀਂ ਹੈ।ਉਨ੍ਹਾ ਕਿਹਾ ਕਿ ਉਕਤ ਐੱਸ ਐੱਚ ਓ ਨੇ ਇਸ ਕੇਸ ਨੂੰ ਕਮਜ਼ੋਰ ਕਰਨ ਲਈ ਜ਼ਿਲ੍ਹਾ ਪੁਲਸ ਮੁਖੀ ਦੀ ਸਹਿਮਤੀ ਨਾਲ ਦੋ ਦੋਸ਼ੀਆਂ ਨੂੰ ਕੇਸ ਵਿੱਚੋਂ ਕੱਢ ਦਿੱਤਾ ਹੈ, ਇੱਕ ਦੋਸ਼ੀ ਨੂੰ ਹਾਲੇ ਤੱਕ ਜਾਣ-ਬੁੱਝ ਕੇ ਫੜਿਆ ਹੀ ਨਹੀਂ ਗਿਆ ਹੈ।ਕਾਮਰੇਡ ਅਰਸ਼ੀ ਨੇ ਕਿਹਾ ਕਿ ਮਨਜੀਤ ਦਾ ਕਤਲ ਕੋਈ ਸਧਾਰਨ ਘਟਨਾ ਨਹੀਂ, ਬਲਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਕੀਤਾ ਗਿਆ ਸਿਆਸੀ ਕਤਲ ਹੈ, ਮਨਜੀਤ ਕੌਰ ਨੇ ਇੱਕ ਪੀੜਤ ਵਿਧਵਾ ਔਰਤ ਨੂੰ ਇਨਸਾਫ ਦਿਵਾਉਣ ਲਈ ਉਸ ਦੀ ਪੂਰੀ ਤਨਦੇਹੀ ਨਾਲ ਮਦਦ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਨ੍ਹਾ ਕਿਹਾ ਕਿ ਮਨਜੀਤ ਕੌਰ ਦੇ ਮਾਮਲੇ ਵਿੱਚ ਇਨਸਾਫ ਲਈ 2 ਮਈ ਨੂੰ ਸਵੇਰੇ 10 ਵਜੇ ਥਾਣਾ ਬੋਹਾ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਥਾਣੇਦਾਰ ਜਗਦੇਵ ਸਿੰਘ ਨੂੰ ਤੁਰੰਤ ਮੁਅੱਤਲ ਕਰਕੇ ਇਸ ਕੇਸ ਨਾਲ ਜੁੜੀ ਉਸ ਦੀ ਸ਼ੱਕੀ ਭੂਮਿਕਾ ਦੀ ਜਾਂਚ ਕੀਤੀ ਜਾਵੇ। ਕੇਸ ਵਿੱਚੋਂ ਕੱਢੇ ਗਏ ਦੋ ਦੋਸ਼ੀਆਂ ਨੂੰ ਮੁੜ ਗਿ੍ਰਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇ।ਕਤਲ ਦੇ ਮੁੱਖ ਸਾਜ਼ਿਸ਼ ਕਰਤਾ ਵਿਰੁੱਧ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਪੀੜਤ ਪਰਵਾਰ ਨੂੰ 10 ਲੱਖ ਰੁਪਏ ਦੀ ਮਾਲੀ ਮਦਦ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਾਮਰੇਡ ਅਰਸ਼ੀ ਨੇ ਸਮੂਹ ਖੱਬੀਆਂ, ਜਮਹੂਰੀ ਰਾਜਸੀ ਪਾਰਟੀਆਂ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਉਕਤ ਸੰਘਰਸ਼ ਵਿੱਚ ਭਰਪੂਰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।





