ਬਰੇਟਾ (ਰੀਤਵਾਲ)-ਨਜ਼ਦੀਕੀ ਪਿੰਡ ਸਿਰਸੀਵਾਲਾ ਤੇ ਗੋਬਿੰਦਪੁਰਾ ਵਿਚਕਾਰ ਬਣੇ ਰੇਲਵੇ ਅੰਡਰਬਿ੍ਰਜ ਅੰਦਰ ਸੱਤ-ਅੱਠ ਮਨਚਲੇ ਲੜਕਿਆਂ ਨੇ ਆਪਣੇ ਮੋਟਰਸਾਈਕਲਾਂ ਦੀ ਸ਼ਰਤ ਲਾਉਣੀ ਸ਼ੁਰੂ ਕਰ ਦਿੱਤੀ ਕਿ ਜੇ ਕੋਈ ਵੀ ਮੋਟਰਸਾਈਕਲ ਸਾਰਿਆਂ ਜਣਿਆਂ ਸਮੇਤ ਅੰਡਰਬਿ੍ਰਜ ਵਾਲੀ ਚੜ੍ਹਾਈ ਨਾ ਚੜ੍ਹ ਸਕਿਆ ਤਾਂ ਉਹ ਆਪਣੇ ਮੋਟਰਸਾਈਕਲ ਨੂੰ ਇੱਥੇ ਹੀ ਅੱਗ ਲਾ ਦੇਣਗੇ।ਦੋਵੇਂ ਮੋਟਰਸਾਈਕਲਾਂ ’ਤੇ ਚਾਰ-ਚਾਰ ਜਣੇ ਚੜ੍ਹ ਕੇ ਅੰਡਰਬਿ੍ਰਜ ਦੇ ਥੱਲਿਓਂ ਚੜ੍ਹਾਈ ਚੜ੍ਹਨ ਲੱਗੇ ਤਾਂ ਦੋਵੇਂ ਹੀ ਮੋਟਰਸਾਈਕਲ ਅੱਧ ਵਿਚਕਾਰ ਜਾ ਕੇ ਬੰਦ ਹੋ ਗਏ ਤਾਂ ਉਸੇ ਸਮੇਂ ਹੀ ਇਨ੍ਹਾਂ ਮਨਚਲੇ ਲੜਕਿਆਂ ਨੇ ਆਪਣੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ।ਇਸ ਬਾਰੇ ਜਦ ਪਿੰਡ ਸਿਰਸੀਵਾਲਾ ਦੇ ਸਰਪੰਚ ਨਿਸ਼ਾਨ ਸਿੰਘ ਨੂੰ ਪਤਾ ਲੱਗਿਆ ਕਿ ਰਾਤ ਨੂੰ 11 ਵਜੇ ਦੇ ਕਰੀਬ ਅੰਡਰਬਿ੍ਰਜ ਵਿੱਚੋਂ ਅੱਗ ਦੀਆਂ ਲਪਟਾਂ ਚਮਕ ਰਹੀਆਂ ਹਨ, ਉਸੇ ਸਮੇਂ ਉਨ੍ਹਾਂ ਨੇ ਆ ਕੇ ਦੇਖਿਆ ਕਿ ਦੋ ਮੋਟਰਸਾਈਕਲ ਅੱਗ ਵਿੱਚ ਸੜ ਚੁੱਕੇ ਸਨ ਅਤੇ ਉਹ ਲੜਕੇ ਉਨ੍ਹਾਂ ਨੂੰ ਦੇਖ ਕੇ ਉਥੋਂ ਭੱਜ ਗਏ।ਉਨ੍ਹਾਂ ਬਰੇਟਾ ਪੁਲਸ ਥਾਣਾ ਵਿਖੇ ਫੋਨ ਕੀਤਾ ਤਾਂ ਸਹਾਇਕ ਥਾਣੇਦਾਰ ਜਗਮੇਲ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚੇ।ਉਦੋਂ ਤੱਕ ਮੋਟਰਸਾਈਕਲ ਸੜ ਕੇ ਸੁਆਹ ਬਣ ਚੁੱਕੇ ਸਨ ਅਤੇ ਨਾਲ ਹੀ ਨੰਬਰ ਪਲੇਟਾਂ ਵੀ ਸੜ ਜਾਣ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਮੋਟਰਸਾਈਕਲ ਕਿਸ ਦੇ ਹਨ।ਉਨ੍ਹਾਂ ਦੇ ਤਫਤੀਸ਼ ਸ਼ੁਰੂ ਕਰਨ ਉਪਰੰਤ ਕੁੱਝ ਪਤਾ ਲੱਗਿਆ ਕਿ ਪਿੰਡ ਕੁੱਲਰੀਆਂ ਦੇ ਸੱਤ-ਅੱਠ ਲੜਕੇ ਅੰਡਰਬਿ੍ਰਜ ਵਿੱਚ ਮੋਟਰਸਾਈਕਲਾਂ ਦੀ ਜ਼ੋਰ ਅਜ਼ਮਾਇਸ਼ ਕਰ ਰਹੇ ਸਨ, ਪ੍ਰੰਤੂ ਕਿਸੇ ਵੱਲੋਂ ਕੋਈ ਦਰਖਾਸਤ ਨਾ ਆਉਣ ’ਤੇ ਜਾਂ ਕਾਰਵਾਈ ਨਾ ਕਰਵਾਉਣ ਕਰਕੇ ਜਾਂਚ ਉੱਥੇ ਹੀ ਠੱਪ ਕਰ ਦਿੱਤੀ ਗਈ।





