ਸੰਸਾਰ ਪੱਧਰੀ ਕੋਰੋਨਾ ਮਹਾਂਮਾਰੀ ਨੇ ਪਿਛਲੇ ਸਵਾ ਦੋ ਸਾਲਾਂ ਵਿੱਚ ਜਿੱਥੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਉੱਥੇ ਲੋਟੂ ਧਨ-ਕੁਬੇਰਾਂ ਲਈ ਇਹ ਵਰਦਾਨ ਸਾਬਤ ਹੋਈ ਹੈ |
ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਰਲਡ ਇਕਨੌਮਿਕ ਫੋਰਮ ਦੀ 22 ਮਈ ਨੂੰ ਸ਼ੁਰੂ ਹੋਈ ਸਾਲਾਨਾ ਮੀਟਿੰਗ ਮੌਕੇ ਕੌਮਾਂਤਰੀ ਸੰਸਥਾ ‘ਆਕਸਫੈਮ ਇੰਟਰਨੈਸ਼ਨਲ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆ ਭਰ ਵਿੱਚ ਹਰ 30 ਘੰਟਿਆਂ ਵਿੱਚ ਇੱਕ ਅਰਬਪਤੀ ਬਣਿਆ ਹੈ | ‘ਦਰਦ ਰਾਹੀਂ ਮੁਨਾਫ਼ਾ’ (ਪ੍ਰੌਫਟਿੰਗ ਫਰਾਮ ਪੇਨ) ਨਾਮੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਅਰਸੇ ਦੌਰਾਨ ਹਰ 33 ਘੰਟੇ ਵਿੱਚ 10 ਲੱਖ ਲੋਕਾਂ ਨੂੰ ਗਰੀਬੀ ਦੀ ਦਲਦਲ ਵਿੱਚ ਧੱਕ ਦਿੱਤਾ ਗਿਆ | ਰਿਪੋਰਟ ਵਿੱਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਇਸ ਰਫ਼ਤਾਰ ਨਾਲ ਚਾਲੂ ਸਾਲ 2022 ਵਿੱਚ ਦੁਨੀਆਂ ਭਰ ਦੇ 2 ਕਰੋੜ 63 ਲੱਖ ਲੋਕ ਗਰੀਬੀ ਦੀ ਮਾਰ ਹੇਠ ਆ ਜਾਣਗੇ |
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਪਹਿਲੇ 24 ਮਹੀਨਿਆਂ ਵਿੱਚ ਅਰਬਪਤੀਆਂ ਦੀ ਜਿੰਨੀ ਆਮਦਨ ਵਧੀ, ਉਹ ਪਿਛਲੇ 23 ਸਾਲਾਂ ਦੌਰਾਨ ਵਧੀ ਆਮਦਨ ਤੋਂ ਵੀ ਵੱਧ ਹੈ | ਕੋਰੋਨਾ ਕਾਲ ਦੌਰਾਨ 573 ਨਵੇਂ ਅਰਬਪਤੀ ਹੋਂਦ ਵਿੱਚ ਆਏ, ਜਿਸ ਨਾਲ ਅਰਬਪਤੀਆਂ ਦੀ ਗਿਣਤੀ 2668 ਹੋ ਗਈ ਹੈ | ਇਨ੍ਹਾਂ ਦੀ ਜਾਇਦਾਦ ਇਸ ਥੋੜ੍ਹੇ ਅਰਸੇ ਦੌਰਾਨ ਹੀ 3800 ਅਰਬ ਡਾਲਰ ਵਧ ਕੇ 12,700 ਅਰਬ ਡਾਲਰ ਹੋ ਗਈ ਹੈ | ਕੋਰੋਨਾ ਕਾਲ ਵਿੱਚ ਸਭ ਤੋਂ ਜ਼ਿਆਦਾ ਮੁਨਾਫ਼ਾ ਖੁਰਾਕ, ਊਰਜਾ ਤੇ ਦਵਾ ਕੰਪਨੀਆਂ ਨੇ ਕਮਾਇਆ ਹੈ |
ਆਕਸਫੈਮ ਦੀ ਕਾਰਜਕਾਰੀ ਡਾਇਰੈਕਟਰ ਗੈਬਿਰੇਲਾ ਬੁੱਚਰ ਨੇ ਦਾਵੋਸ ਸੰਮੇਲਨ ਉੱਤੇ ਤਨਜ਼ ਕਰਦਿਆਂ ਕਿਹਾ ਹੈ, ”ਕਿਸਮਤ ਦੇ ਅਚਾਨਕ ਚਮਕ ਉੱਠਣ ਦਾ ਜਸ਼ਨ ਮਨਾਉਣ ਲਈ ਦੁਨੀਆ ਭਰ ਦੇ ਅਰਬਪਤੀ ਦਾਵੋਸ ਆ ਰਹੇ ਹਨ | ਪਹਿਲਾਂ ਮਹਾਂਮਾਰੀ ਤੇ ਫਿਰ ਖੁਰਾਕੀ ਵਸਤਾਂ ਤੇ ਊਰਜਾਂ ਦੀਆਂ ਕੀਮਤਾਂ ਵਿੱਚ ਵਾਧਾ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ |”
ਬੱੁਚਰ ਨੇ ਅੱਗੇ ਕਿਹਾ, ”ਅਰਬਪਤੀਆਂ ਦੀ ਤਕਦੀਰ ਇਸ ਲਈ ਨਹੀਂ ਬਦਲੀ ਕਿ ਉਹ ਬਹੁਤ ਚੁਸਤ ਤੇ ਮਿਹਨਤੀ ਹੋ ਗਏ ਹਨ, ਬਲਕਿ ਇਸ ਲਈ ਬਦਲੀ ਹੈ ਕਿ ਬਦਤਰ ਹਾਲਤਾਂ ਵਿੱਚ ਵੀ ਘੱਟ ਉਜਰਤ ਲੈ ਕੇ ਕਿਰਤੀ ਸਖਤ ਮਿਹਨਤ ਕਰਨ ਲਈ ਮਜ਼ਬੂਰ ਹੋਏ ਹਨ | ਮਹਾਂ ਧਨ-ਕੁਬੇਰਾਂ ਨੇ ਦਹਾਕਿਆਂ ਤੋਂ ਜਿਹੜੀਆਂ ਧਾਂਦਲੀਆਂ ਕੀਤੀਆਂ ਸਨ, ਉਹ ਉਨ੍ਹਾਂ ਦਾ ਫਾਇਦਾ ਉਠਾ ਰਹੇ ਹਨ | ਨਿੱਜੀਕਰਨ ਤੇ ਏਕਾਅਧਿਕਾਰ ਰਾਹੀਂ ਉਨ੍ਹਾਂ ਵਿਸ਼ਵ ਜਾਇਦਾਦ ਦਾ ਵੱਡਾ ਹਿੱਸਾ ਹੜੱਪ ਲਿਆ ਹੈ ਤੇ ਆਪਣੀ ਸੰਪਤੀ ਟੈਕਸ ਸਵਰਗ ਕਹੇ ਜਾਣ ਵਾਲੇ ਦੇਸ਼ਾਂ ਵਿੱਚ ਲੁਕਾ ਰੱਖੀ ਹੈ |”
ਉਨ੍ਹਾ ਅੱਗੇ ਕਿਹਾ, ”ਪੂਰਬੀ ਅਫ਼ਰੀਕਾ ਵਿੱਚ ਹਰ ਮਿੰਟ ਇੱਕ ਵਿਅਕਤੀ ਦੀ ਭੁੱਖ ਨਾਲ ਮੌਤ ਹੋ ਰਹੀ ਹੈ | ਸ੍ਰੀਲੰਕਾ ਤੋਂ ਲੈ ਕੇ ਸੂਡਾਨ ਤੱਕ ਖੁਰਾਕੀ ਵਸਤਾਂ ਦੀਆਂ ਉੱਚੀਆਂ ਕੀਮਤਾਂ ਨੇ ਸਮਾਜਿਕ ਤੇ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ ਹੈ | ਘੱਟ ਆਮਦਨ ਵਾਲੇ 60 ਫ਼ੀਸਦੀ ਦੇਸ਼ ਕਰਜ਼ਾ ਸੰਕਟ ਦੇ ਕੰਢੇ ਉੱਤੇ ਪੁੱਜ ਚੁੱਕੇ ਹਨ | ਮੁਦਰਾ ਸਫੀਤੀ ਵਧ ਰਹੀ ਹੈ ਤੇ ਕੀਮਤਾਂ ਵਿੱਚ ਵਾਧਾ ਘੱਟ ਤਨਖ਼ਾਹ ਵਾਲੇ ਕਿਰਤੀਆਂ ਲਈ ਤਬਾਹਕੁੰਨ ਸਾਬਤ ਹੋ ਰਿਹਾ ਹੈ | ਗਰੀਬ ਦੇਸ਼ਾਂ ਦੇ ਕਿਰਤੀ ਆਪਣੀ ਕਮਾਈ ਦਾ ਦੁਗਣੇ ਤੋਂ ਵੱਧ ਭੋਜਨ ਉੱਤੇ ਖ਼ਰਚ ਕਰ ਰਹੇ ਹਨ |”
ਆਕਸਫੈਮ ਦੀ ਰਿਪੋਰਟ ਅਨੁਸਾਰ ਕੋਵਿਡ ਮਹਾਂਮਾਰੀ ਦੌਰਾਨ ਦਵਾ ਕੰਪਨੀਆਂ ਨਾਲ ਜੁੜੇ 40 ਨਵੇਂ ਅਰਬਪਤੀ ਬਣੇ ਹਨ | ਮਾਡਰਨਾ ਤੇ ਫਾਈਜ਼ਰ ਵਰਗੀਆਂ ਕੰਪਨੀਆਂ ਦਾ ਕੋਰੋਨਾ ਟੀਕੇ ਉਤੇ ਅਧਿਕਾਰ ਹੈ ਤੇ ਉਹ ਹਰ ਸੈਕਿੰਡ 1000 ਡਾਲਰ ਕਮਾ ਰਹੇ ਹਨ | ਇਹ ਉਤਪਾਦਨ ਲਾਗਤ ਨਾਲੋਂ ਸਰਕਾਰਾਂ ਤੋਂ 24 ਫ਼ੀਸਦੀ ਵੱਧ ਕੀਮਤ ਵਸੂਲ ਰਹੇ ਹਨ | ਇਸ ਦਾ ਨਤੀਜਾ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਦੇ 87 ਫ਼ੀਸਦੀ ਲੋਕਾਂ ਨੂੰ ਹਾਲੇ ਤੱਕ ਪੂਰੀ ਤਰ੍ਹਾਂ ਵੈਕਸੀਨ ਨਹੀਂ ਲੱਗ ਸਕੀ |
ਬੁੱਚਰ ਨੇ ਕਿਹਾ ਕਿ ਬਹੁਤ ਧਨੀ ਤੇ ਸ਼ਕਤੀਸ਼ਾਲੀ ਵਿਅਕਤੀ ਲੋਕਾਂ ਦੇ ਦੁੱਖਾਂ ਤੇ ਦਰਦਾਂ ਤੋਂ ਮੁਨਾਫ਼ਾ ਕਮਾ ਰਹੇ ਹਨ | ਕੁਝ ਲੋਕ ਅਰਬਾਂ ਲੋਕਾਂ ਨੂੰ ਟੀਕਿਆਂ ਤੋਂ ਵਿਰਵਾ ਕਰਕੇ ਅਮੀਰ ਹੋ ਗਏ ਹਨ ਤੇ ਕੁਝ ਹੋਰ ਭੋਜਨ ਤੇ ਊਰਜਾ ਦੀਆਂ ਕੀਮਤਾਂ ਵਿੱਚ ਵਾਧੇ ਦਾ ਫਾਇਦਾ ਉਠਾ ਕੇ | ਵਧਦੀ ਦੌਲਤ ਤੇ ਵਧਦੀ ਗਰੀਬੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਇਸ ਗੱਲ ਦਾ ਸਬੂਤ ਹਨ ਕਿ ਸਾਡੀ ਅਰਥ-ਵਿਵਸਥਾ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ, ਜਿਸ ਤਰ੍ਹਾਂ ਅਮੀਰਾਂ ਤੇ ਸ਼ਕਤੀਸ਼ਾਲੀ ਲੋਕਾਂ ਨੇ ਇਸ ਨੂੰ ਡਿਜ਼ਾਈਨ ਕੀਤਾ ਹੈ |
ਵਰਨਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਧਨੀ 10 ਵਿਅਕਤੀਆਂ ਕੋਲ ਦੁਨੀਆਂ ਦੀ 40 ਫ਼ੀਸਦੀ ਅਬਾਦੀ ਨਾਲੋਂ ਵੱਧ ਧਨ ਹੈ | ਦੁਨੀਆਂ ਦੇ ਹਾਸ਼ੀਏ ਉੱਤੇ ਗੁਜ਼ਾਰਾ ਕਰਨ ਵਾਲੇ 50 ਫ਼ੀਸਦੀ ਮਜ਼ਦੂਰ ਜਿੰਨਾ 112 ਸਾਲਾਂ ਵਿੱਚ ਕਮਾਉਂਦੇ ਹਨ, ਉਪਰਲੇ 1 ਫ਼ੀਸਦੀ ਸਿਰਫ਼ 1 ਸਾਲ ਵਿੱਚ ਕਮਾ ਲੈਂਦੇ ਹਨ |
ਆਕਸਫੈਮ ਨੇ ਦੁਨੀਆਂ ਦੀਆਂ ਸਰਕਾਰਾਂ ਨੂੰ ਕੁਝ ਸੁਝਾਅ ਵੀ ਦਿੱਤੇ ਹਨ | ਪਹਿਲਾ ਇਹ ਕਿ ਵਧਦੀਆਂ ਕੀਮਤਾਂ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਅਰਬਪਤੀਆਂ ਉੱਤੇ ਯਕਮੁਸ਼ਤ ਟੈਕਸ ਲਾਇਆ ਜਾਵੇ | ਦੂਜਾ, ਵੱਡੀਆਂ ਕਾਰਪੋਰੇਸ਼ਨਾਂ ਦੇ ਮੁਨਾਫ਼ੇ ਉੱਤੇ 90 ਫ਼ੀਸਦੀ ਤੱਕ ਵਾਧੂ ਮੁਨਾਫ਼ਾ ਟੈਕਸ ਲਾ ਕੇ ਸੰਕਟ ਸਮੇਂ ਕੀਤੀ ਜਾ ਰਹੀ ਮੁਨਾਫ਼ਾਖੋਰੀ ਉੱਤੇ ਰੋਕ ਲਾਈ ਜਾਵੇ | ਆਕਸਫੈਮ ਨੇ ਕਿਹਾ ਕਿ ਕਰੋੜਪਤੀਆਂ ਉੱਤੇ ਦੋ ਪ੍ਰਤੀਸ਼ਤ ਤੇ ਅਰਬਪਤੀਆਂ ਉੱਤੇ 5 ਪ੍ਰਤੀਸ਼ਤ ਜਾਇਦਾਦ ਟੈਕਸ ਲਾ ਕੇ ਹਰ ਸਾਲ 2.52 ਟਿ੍ਲੀਅਨ ਡਾਲਰ ਇਕੱਠੇ ਕੀਤੇ ਜਾ ਸਕਦੇ ਹਨ | ਇਨ੍ਹਾਂ ਪੈਸਿਆਂ ਨਾਲ 2.3 ਅਰਬ ਲੋਕਾਂ ਨੂੰ ਗਰੀਬੀ ਵਿੱਚੋਂ ਕੱਢਣ, ਦੁਨੀਆ ਭਰ ਦੇ ਸਭ ਲੋਕਾਂ ਲਈ ਟੀਕੇ ਪ੍ਰਾਪਤ ਕਰਾਉਣ ਤੇ ਗਰੀਬ ਦੇਸ਼ਾਂ ਵਿੱਚ ਸਿਹਤ ਸਹੂਲਤਾਂ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ |
-ਚੰਦ ਫਤਿਹਪੁਰੀ