14.5 C
Jalandhar
Friday, November 22, 2024
spot_img

ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੀ ਚੋਣ ਲਈ ਡੀ ਐੱਸ ਆਰ ਪੋਰਟਲ ਲਾਂਚ

ਚੰਡੀਗੜ੍ਹ. (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਬੱੁਧਵਾਰ ਇਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ) ਲਈ ਆਪਣੀ ਇੱਛਾ ਪ੍ਰਗਟ ਕਰਨ ਵਾਸਤੇ ਕਿਸਾਨਾਂ ਲਈ ਵਿਸ਼ੇਸ਼ ਡੀ.ਐੱਸ.ਆਰ ਪੋਰਟਲ (https:// agrimachinerypb. com/home/4SR22) ਦੀ ਸ਼ੁਰੂਆਤ ਕੀਤੀ | ਇਸ ਕਿਸਾਨ ਹਿਤੈਸ਼ੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਪੋਰਟਲ ਹਰੇਕ ਕਿਸਾਨ, ਜਿਸ ਨੇ ਡੀ.ਐੱਸ.ਆਰ ਤਕਨੀਕ ਦੀ ਚੋਣ ਕੀਤੀ ਹੈ, ਬਾਰੇ ਪੂਰੇ ਅੰਕੜਿਆਂ ਨੂੰ ਇਕੱਠਾ ਕਰਨ ਵਿੱਚ ਸਹਾਈ ਹੋਣ ਤੋਂ ਇਲਾਵਾ ਪੁਖਤਾ ਤਸਦੀਕ ਤੋਂ ਬਾਅਦ ਯੋਗ ਲਾਭਪਾਤਰੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ 1500 ਰੁਪਏ ਪ੍ਰਤੀ ਏਕੜ ਦੀ ਅਦਾਇਗੀ ਯਕੀਨੀ ਬਣਾਵੇਗਾ |
ਮੁੱਖ ਮੰਤਰੀ ਨੂੰ ਉਪਰੋਕਤ ਪੋਰਟਲ ਦੀ ਰੂਪ-ਰੇਖਾ ਬਾਰੇ ਜਾਣੂ ਕਰਵਾਉਂਦੇ ਹੋਏ ਵਧੀਕ ਮੁੱਖ ਸਕੱਤਰ ਖੇਤੀਬਾੜੀ ਨੇ ਕਿਹਾ ਕਿ ਢੁਕਵੀਂ ਪੜਤਾਲ ਉਪਰੰਤ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਸੰਬੰਧਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਇਸ ਵਿਲੱਖਣ ਪੋਰਟਲ ਨੂੰ ਮੰਡੀ ਬੋਰਡ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ | ਇਸ ਨਵੀਨਤਾਕਾਰੀ ਤਕਨੀਕ ਨੂੰ ਅਪਣਾਉਣ ਨਾਲ ਪਾਣੀ ਦੀ ਘੱਟੋ-ਘੱਟ 15-20% ਬੱਚਤ ਹੋਵੇਗੀ ਅਤੇ ਜ਼ਮੀਨ ਵਿੱਚ ਪਾਣੀ ਦੇ ਰਿਸਣ ਵਿੱਚ ਸੁਧਾਰ ਕਰਦੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ | ਇਸ ਤਕਨੀਕ ਰਾਹੀਂ ਲਾਗਤ ਖਰਚਾ ਵੀ ਤਕਰੀਬਨ 4000 ਰੁਪਏ ਪ੍ਰਤੀ ਏਕੜ ਘੱਟ ਆਉਂਦਾ ਹੈ | ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਕਿਸਾਨਾਂ ਦਾ ਸਹੀ ਤਕਨੀਕੀ ਮਾਰਗਦਰਸ਼ਨ ਕਰਨ ਦੇ ਨਾਲ-ਨਾਲ ਇਸ ਤਕਨੀਕ ਰਾਹੀਂ ਬੀਜੇ ਗਏ ਰਕਬੇ ਦੀ ਤਸਦੀਕ ਕਰਨ ਲਈ ਰਾਜ ਸਰਕਾਰ ਵੱਲੋਂ ਖੇਤੀਬਾੜੀ, ਬਾਗਬਾਨੀ, ਮੰਡੀ ਬੋਰਡ ਅਤੇ ਜਲ ਤੇ ਭੂਮੀ ਸੰਭਾਲ ਸਮੇਤ ਵੱਖ-ਵੱਖ ਵਿਭਾਗਾਂ ਦੇ 3000 ਅਧਿਕਾਰੀਆਂ/ਕਰਮਚਾਰੀਆਂ ਦੀ ਤਾਇਨਾਤੀ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 1500 ਰੁਪਏ ਪ੍ਰਤੀ ਏਕੜ ਦਾ ਭੁਗਤਾਨ ਸਿਰਫ ਅਸਲੀ ਲਾਭਪਾਤਰੀਆਂ ਨੂੰ ਹੀ ਦਿੱਤਾ ਜਾਵੇ | ਇੱਥੇ ਦੱਸਣਯੋਗ ਹੈ ਕਿ ਸੂਬੇ ਭਰ ਦੇ ਕਿਸਾਨਾਂ ਵੱਲੋਂ ਇਸ ਸਾਉਣੀ ਸੀਜ਼ਨ ਦੌਰਾਨ 30 ਲੱਖ ਹੈਕਟੇਅਰ (75 ਲੱਖ ਏਕੜ) ਰਕਬੇ ਵਿੱਚ ਬਾਸਮਤੀ ਸਮੇਤ ਝੋਨੇ ਦੀ ਕਾਸ਼ਤ ਕਰਨ ਦੀ ਉਮੀਦ ਹੈ | ਉਪਲੱਬਧ ਅੰਕੜਿਆਂ ਅਨੁਸਾਰ ਪਿਛਲੇ ਸਾਲ ਡੀ.ਐੱਸ.ਆਰ ਰਾਹੀਂ 15 ਲੱਖ ਏਕੜ (6 ਲੱਖ ਹੈਕਟੇਅਰ) ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਇਸ ਸੀਜ਼ਨ ਦੌਰਾਨ ਰਾਜ ਸਰਕਾਰ ਨੇ 30 ਲੱਖ ਏਕੜ ਰਕਬੇ ਨੂੰ ਨਵੀਂ ਤਕਨੀਕ ਤਹਿਤ ਲਿਆਉਣ ਦਾ ਟੀਚਾ ਮਿੱਥਿਆ ਹੈ | ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਵਧੀਕ ਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ ਅਤੇ ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles