ਚੰਡੀਗੜ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਕਾਰਨ ਹਟਾ ਦਿੱਤਾ | ਇਸੇ ਦੌਰਾਨ ਸਿੰਗਲਾ ਨੂੰ ਪੁਲਸ ਦੇ ਐਂਟੀ ਕੁਰੱਪਸ਼ਨ ਸੈੱਲ ਨੇ ਗਿ੍ਫਤਾਰ ਕਰਕੇ 27 ਮਈ ਤੱਕ ਲਈ ਰਿਮਾਂਡ ਹਾਸਲ ਕਰ ਲਿਆ | ਮੁੱਖ ਮੰਤਰੀ ਨੇ ਪੁਲਸ ਨੂੰ ਮੰਤਰੀ ਖਿਲਾਫ ਕੇਸ ਦਰਜ ਕਰਨ ਲਈ ਕਿਹਾ ਸੀ | ਮੁੱਖ ਮੰਤਰੀ ਮੁਤਾਬਕ ਸਿੰਗਲਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਟੈਂਡਰਾਂ ‘ਤੇ ਇਕ ਫੀਸਦੀ ਕਮਿਸ਼ਨ ਮੰਗ ਰਿਹਾ ਸੀ | ਇਸ ਗੁਨਾਹ ਦਾ ਉਸ ਨੇ ਉਨ੍ਹਾ ਕੋਲ ਖੁਦ ਇਕਬਾਲ ਕੀਤਾ | ਸਿੰਗਲਾ ਦੇ ਓ ਐੱਸ ਡੀ ਪ੍ਰਦੀਪ ਕੁਮਾਰ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ ਹੈ | ਅਸੰਬਲੀ ਚੋਣਾਂ ਵਿਚ ਸਿੰਗਲਾ ਨੇ ਮਾਨਸਾ ਹਲਕੇ ਵਿਚ ਕਾਂਗਰਸ ਦੇ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ਤੇ ਤਿੰਨ ਦਹਾਕਿਆਂ ਤੋਂ ਬਾਅਦ ਕੋਈ ਮਾਨਸਾ ਜ਼ਿਲ੍ਹੇ ਤੋਂ ਮੰਤਰੀ ਬਣਿਆ ਸੀ | ਸਰਕਾਰ ਵਿਚਲੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੰਤਰੀ ਨੇ ਟੈਂਡਰ ਜਾਰੀ ਕਰਨ ਲਈ ਬਠਿੰਡਾ ਦੇ ਇਕ ਵਿਅਕਤੀ ਤੋਂ ਸ਼ੁਕਰਾਨਾ (ਕਮਿਸ਼ਨ) ਮੰਗਿਆ | ਵਿਭਾਗ ਦੇ ਇਕ ਅਧਿਕਾਰੀ ਨੇ 10 ਕੁ ਦਿਨ ਪਹਿਲਾਂ ਇਸ ਦੀ ਮੁੱਖ ਮੰਤਰੀ ਨੂੰ ਖਬਰ ਦੇ ਦਿੱਤੀ | ਮੁੱਖ ਮੰਤਰੀ ਨੇ ਉਸ ਦੀ ਰਾਖੀ ਦੀ ਗਰੰਟੀ ਦਿੰਦਿਆਂ ਸਬੂਤ ਲਿਆਉਣ ਲਈ ਕਿਹਾ | ਅਧਿਕਾਰੀ ਤੇ ਵਿਅਕਤੀ ਨੇ ਸਿੰਗਲਾ ਨਾਲ ਗੱਲਬਾਤ ਦੀ ਆਡੀਓ ਰਿਕਾਰਡਿੰਗ ਕਰ ਲਈ | ਮਾਨ ਨੇ ਸਿੰਗਲਾ ਨੂੰ ਮੰਗਲਵਾਰ ਸਵੇਰੇ ਆਪਣੀ ਕੋਠੀ ਸੱਦਿਆ ਤੇ ਰਿਕਾਰਡਿੰਗ ਸੁਣਵਾ ਕੇ ਪੁੱਛਿਆ ਕਿ ਆਵਾਜ਼ ਤੁਹਾਡੀ ਹੀ ਹੈ? ਸਿੰਗਲਾ ਮੰਨ ਗਿਆ | ਰਿਕਾਰਡਿੰਗ ਵਿਚ ਮੰਤਰੀ ਵਿਅਕਤੀ ਨੂੰ ਕਹਿ ਰਿਹਾ ਸੀ ਕਿ ਸ਼ੁਕਰਾਨਾ ਉਸ ਦੇ ਭਤੀਜੇ ਨੂੰ ਦੇਣਾ | ਮਾਨ ਨੇ ਸਿੰਗਲਾ ਨੂੰ ਹਟਾਉਣ ਦਾ ਐਲਾਨ ਵੀਡੀਓ ਸੰਦੇਸ਼ ਰਾਹੀਂ ਕਰਦਿਆਂ ਕਿਹਾ-ਮੇਰੀ ਸਰਕਾਰ ਵੱਢੀਖੋਰੀ ਨੂੰ ਕਤਈ ਬਰਦਾਸ਼ਤ ਨਾ ਕਰਨ ਦੇ ਰਾਹ ਉਤੇ ਚਲਦੀ ਰਹੇਗੀ ਅਤੇ ਕਿਸੇ ਨੂੰ ਵੀ, ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਉਸ ਨੂੰ ਅਜਿਹੀਆਂ ਬੇਨਿਯਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ |
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾ ਡਾ. ਸਿੰਗਲਾ ਨੂੰ ਆਪਣੀ ਕੈਬਨਿਟ ਵਿੱਚੋਂ ਬਰਖਾਸਤ ਕਰ ਦਿੱਤਾ ਹੈ ਅਤੇ ਪੁਲਸ ਨੂੰ ਕੇਸ ਦਰਜ ਕਰਨ ਲਈ ਕਹਿ ਦਿੱਤਾ ਹੈ | ਉਨ੍ਹਾ ਕਿਹਾ ਕਿ ਇਹ ਮਾਮਲਾ ਸਿਰਫ਼ ਉਨ੍ਹਾ ਦੇ ਹੀ ਧਿਆਨ ਵਿੱਚ ਸੀ ਅਤੇ ਉਹ ਇਸ ਨੂੰ ਆਸਾਨੀ ਨਾਲ ਦਬਾਅ ਜਾਂ ਟਾਲ ਸਕਦੇ ਸਨ, ਪਰ ਉਨ੍ਹਾ ਖਟਕੜ ਕਲਾਂ ਦੀ ਪਵਿੱਤਰ ਧਰਤੀ ਉਤੇ ਪੰਜਾਬ ਨੂੰ ਭਿ੍ਸ਼ਟਾਚਾਰ ਮੁਕਤ ਕਰਨ ਦਾ ਅਹਿਦ ਲਿਆ ਸੀ ਅਤੇ ਇਸ ਦਿਸ਼ਾ ਵਿੱਚ ਇਹ ਇਕ ਇਤਿਹਾਸਕ ਕਦਮ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾ ਨੂੰ ਪਾਰਦਰਸ਼ੀ ਤੇ ਭਿ੍ਸ਼ਟਾਚਾਰ ਮੁਕਤ ਨਿਜ਼ਾਮ ਲਈ ਚੁਣਿਆ ਸੀ ਅਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਹਰੇਕ ਪੰਜਾਬੀ ਦੀਆਂ ਇੱਛਾਵਾਂ ਉਤੇ ਖਰਾ ਉਤਰੀਏ | ਭਾਵੇਂ ਦੇਸ਼ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਚੁੱਕੇ ਹਨ, ਪਰ ਸੂਬੇ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2015 ਵਿੱਚ ਉਦੋਂ ਮਿਸਾਲ ਕਾਇਮ ਕੀਤੀ, ਜਦੋਂ ਉਨ੍ਹਾ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਬਰਖਾਸਤ ਕੀਤਾ ਸੀ | ਭਗਵੰਤ ਮਾਨ ਨੇ ਕਿਹਾ ਕਿ ਸਾਡਾ ਸੰਦੇਸ਼ ਬਿਲਕੁਲ ਸਪੱਸ਼ਟ ਹੈ ਕਿ ਸੂਬੇ ਵਿੱਚ ਭਿ੍ਸ਼ਟ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਹਨਾ ਕਿਹਾ ਕਿ ਉਨ੍ਹਾ ਤੋਂ ਪਹਿਲੇ ਮੁੱਖ ਮੰਤਰੀ ਭਿ੍ਸ਼ਟਾਚਾਰ ਦੀ ਪੁਸ਼ਤਪਨਾਹੀ ਕਰਦੇ ਰਹੇ ਅਤੇ ਮਗਰੋਂ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਭਿ੍ਸ਼ਟਾਚਾਰ ਬਾਰੇ ਪਤਾ ਸੀ | ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਅਜਿਹੀਆਂ ਕਾਰਵਾਈਆਂ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ | ਉਨ੍ਹਾ ਕਿਹਾ ਕਿ ਡਾ. ਸਿੰਗਲਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ |
ਵਿਰੋਧੀ ਧਿਰ ਉਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਭਿ੍ਸ਼ਟਾਚਾਰ ਬਾਰੇ ਸਾਡੀ ਸਰਕਾਰ ਉਤੇ ਸਿਆਸੀ ਨਿਸ਼ਾਨੇ ਸਾਧਣਗੇ, ਪਰ ਉਨ੍ਹਾ ਭਿ੍ਸ਼ਟਾਚਾਰ ਖ਼ਿਲਾਫ਼ ਕਦਮ ਚੁੱਕਿਆ ਹੈ, ਜਦੋਂ ਕਿ ਵਿਰੋਧੀ ਹਮੇਸ਼ਾ ਭਿ੍ਸ਼ਟ ਲੀਡਰਾਂ ਨੂੰ ਬਚਾਉਂਦੇ ਤੇ ਅੱਗੇ ਵਧਣ ਵਿੱਚ ਮਦਦ ਕਰਦੇ ਰਹੇ ਹਨ | ਉਨ੍ਹਾ ਕਿਹਾ ਕਿ ਸਾਡੀ ਸਰਕਾਰ ਦਾ ਇਰਾਦਾ ਤੇ ਨੀਅਤ ਸਾਫ਼ ਹੈ ਕਿ ਭਿ੍ਸ਼ਟ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਭਿ੍ਸ਼ਟਾਚਾਰ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ |
ਸਿਹਤ ਮੰਤਰੀ ਬਣਨ ਤੋਂ ਬਾਅਦ ਸਿੰਗਲਾ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਕਿਹਾ ਸੀ ਕਿ ਸਰਕਾਰ ਕੁਰੱਪਸ਼ਨ ਦੇ ਮਾਮਲੇ ਵਿਚ ਕੋਈ ਲਿਹਾਜ਼ ਨਹੀਂ ਕਰੇਗੀ | 52 ਸਾਲਾ ਸਿੰਗਲਾ ਉਨ੍ਹਾਂ 10 ਮੈਡੀਕਲ ਪੇਸ਼ੇਵਰਾਂ ਵਿਚ ਸਨ, ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ | ਦੰਦਾਂ ਦੀ ਸਰਜਰੀ ਦਾ ਡਾਕਟਰ ਸਿੰਗਲਾ 2016 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ ਤੇ ਛੇਤੀ ਬਾਅਦ ਉਸ ਨੂੰ ਪਾਰਟੀ ਦੇ ਟਰੇਡ ਵਿੰਗ ਦਾ ਜਾਇੰਟ ਸੈਕਟਰੀ ਬਣਾਇਆ ਸੀ | 2022 ਦੀਆਂ ਅਸੰਬਲੀ ਚੋਣਾਂ ਵਿਚ ਉਸ ਨੇ ਸਿੱਧੂ ਮੂਸੇਵਾਲਾ ਨੂੰ 63,323 ਵੋਟਾਂ ਨਾਲ ਹਰਾਇਆ ਸੀ | ਪਾਰਟੀ ਨੇ ਸਿੰਗਲਾ ਨੂੰ ਇਸ ਕਰਕੇ ਉਮੀਦਵਾਰ ਬਣਾਇਆ ਸੀ, ਕਿਉਂਕਿ ਹਲਕੇ ਵਿਚ 60 ਹਜ਼ਾਰ ਤੋਂ ਵੱਧ ਹਿੰਦੂ ਵੋਟਰ ਸਨ | 2017 ਵਿਚ ਵੀ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਜਿੱਤੇ ਸਨ, ਪਰ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪ੍ਰੈਲ 2019 ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ | ਸਿੰਗਲਾ ਨੂੰ ਸਿਹਤ ਮੰਤਰੀ ਬਣਾਉਣ ‘ਤੇ ਸਭ ਹੈਰਾਨ ਹੋਏ ਸਨ, ਕਿਉਂਕਿ ਤਲਵੰਡੀ ਸਾਬੋ ਦੀ ਬਲਜਿੰਦਰ ਕੌਰ ਤੇ ਸੁਨਾਮ ਦੇ ਅਮਨ ਅਰੋੜਾ ਵਰਗਿਆਂ ਨੂੰ ਕੈਬਨਿਟ ਵਿਚ ਥਾਂ ਨਹੀਂ ਮਿਲੀ ਸੀ | ਚੋਣਾਂ ਵੇਲੇ ਸਿੰਗਲਾ ਨੇ ਆਪਣੇ ਹਲਫਨਾਮੇ ਵਿਚ 6 ਕਰੋੜ 48 ਲੱਖ ਰੁਪਏ ਦੀ ਸੰਪਤੀ ਦਰਸਾਈ ਸੀ ਤੇ 27 ਲੱਖ ਰੁਪਏ ਦੀਆਂ ਦੇਣਦਾਰੀਆਂ ਦੱਸੀਆਂ ਸਨ | ਸਿੰਗਲਾ ਨੇ ਬੀ ਡੀ ਐੱਸ ਦੀ ਡਿਗਰੀ 1992 ਵਿਚ ਪਟਿਆਲਾ ਯੂਨੀਵਰਸਿਟੀ ਤੋਂ ਹਾਸਲ ਕੀਤੀ ਸੀ | ਉਸ ਦਾ ਮਾਨਸਾ ਵਿਚ ਡੈਂਟਲ ਕਲੀਨਿਕ ਚਲਦਾ ਰਿਹਾ, ਪਰ ਸਿਆਸੀ ਰੁਝੇਵਿਆਂ ਕਾਰਨ ਉਹ ਉਥੇ ਘੱਟ ਹੀ ਬੈਠਦਾ ਸੀ | ਉਸ ਦੀ ਪਤਨੀ ਆਯੁਰਵੈਦ ਪ੍ਰੈਕਟੀਸ਼ਨਰ ਹੈ | ਸਿੰਗਲਾ ਨੇ 3 ਅਪ੍ਰੈਲ ਨੂੰ ਦੁੱਧ ਤੇ ਦੁੱਧ ਉਤਪਾਦਾਂ ਵਿਚ ਮਿਲਾਵਟ ਕਰਨ ਵਾਲਿਆਂ ਉੱਤੇ ਛਾਪਿਆਂ ਦਾ ਹੁਕਮ ਦਿੱਤਾ ਸੀ | ਇਸ ਤੋਂ ਬਾਅਦ ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਛਾਪੇ ਮਾਰੇ ਗਏ ਸਨ | ਸਿੰਗਲਾ ਨੇ 31 ਮਾਰਚ ਨੂੰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਦਵਾਈਆਂ ਦੀ ਦੁਰਵਰਤੋਂ ਕਰਦਾ ਮਿਲਿਆ, ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ | ਉਸ ਨੇ ਕਿਹਾ ਸੀ—ਫੋਕੇ ਦਾਅਵੇ ਕਰਨ ਦੇ ਪੁਰਾਣੇ ਦਿਨ ਲੱਦ ਗਏ ਹਨ ਤੇ ਸਾਡੀ ਸਰਕਾਰ ਪੰਜਾਬ ਨੂੰ ਡਰੱਗ-ਫਰੀ ਬਣਾਉਣ ਲਈ ਵਚਨਬੱਧ ਹੈ | ਵਿਜੈ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਮਾਮਲੇ ‘ਚ ਅਹੁਦੇ ਤੋਂ ਹਟਾਉਣ ਅਤੇ ਉਸ ਨੂੰ ਗਿ੍ਫਤਾਰ ਕਰਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ ਕੀਤੀ ਹੈ | ਕੇਜਰੀਵਾਲ ਨੇ ਟਵੀਟ ਕੀਤਾ-ਤੁਹਾਡੇ ‘ਤੇ ਮਾਣ ਹੈ ਭਗਵੰਤ | ਤੁਹਾਡੀ ਕਾਰਵਾਈ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ | ਅੱਜ ਪੂਰਾ ਦੇਸ਼ ‘ਆਪ’ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ |