ਵੈਟੀਕਨ ਸਿਟੀ : ਕਾਰਡੀਨਲ ਰੌਬਰਟ ਪ੍ਰੀਵੋਸਟ ਕੈਥੋਲਿਕ ਚਰਚ ਦੇ ਦੋ ਹਜ਼ਾਰ ਸਾਲ ਦੇ ਇਤਿਹਾਸ ’ਚ ਪਹਿਲੇ ਅਮਰੀਕੀ ਪੋਪ ਚੁਣੇ ਗਏ ਹਨ। 69 ਸਾਲ ਪ੍ਰੀਵੋਸਟ ਨੇ ਲਿਓ-14 ਨਾਂਅ ਅਪਣਾਇਆ ਹੈ। ਪ੍ਰੀਵੋਸਟ ਨੇ ਆਪਣਾ ਕਰੀਅਰ ਪੇਰੂ ’ਚ ਸੇਵਾ ਕਰਦਿਆਂ ਬਿਤਾਇਆ ਅਤੇ ਉਹ ਵੈਟੀਕਨ ਦੇ ਬਿਸ਼ਪ ਦੇ ਸ਼ਕਤੀਸ਼ਾਲੀ ਦਫਤਰ ਦੀ ਅਗਵਾਈ ਕਰਦੇ ਹਨ। ਪ੍ਰੀਵੋਸਟ ਨੇ ਪੋਪ ਵਜੋਂ ਆਪਣੇ ਪਹਿਲੇ ਸੰਬੋਧਨ ’ਚ ਕਿਹਾ, ‘ਸ਼ਾਂਤੀ ਤੁਹਾਡੇ ਨਾਲ ਹੋਵੇ’ ਅਤੇ ਉਨ੍ਹਾ ‘ਬਿਨਾਂ ਕਿਸੇ ਡਰ ਦੇ’ ਸ਼ਾਂਤੀ ਤੇ ਸੰਵਾਦ ਦਾ ਸੁਨੇਹਾ ਦਿੱਤਾ।
ਆਈ ਪੀ ਐੱਲ ਦੇ ਮੈਚ ਹਫਤੇ ਲਈ ਰੋਕੇ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਨੂੰ ਇੱਕ ਹਫਤੇ ਲਈ ਮੁਲਤਵੀ ਕਰ ਦਿੱੱਤਾ ਗਿਆ ਹੈ। ਬੀ ਸੀ ਸੀ ਆਈ ਅਧਿਕਾਰੀ ਨੇ ਕਿਹਾ, ‘ਜੰਗ ਲੱਗੀ ਹੋਣ ਦੇ ਬਾਵਜੂਦ ਕਿ੍ਰਕਟ ਚੱਲਦਾ ਰਹੇ, ਇਹ ਚੰਗਾ ਨਹੀਂ ਲੱਗਦਾ।’’ ਉਂਝ ਇਹ ਲੀਗ ਅਧਿਕਾਰਤ ਤੌਰ ’ਤੇ 25 ਮਈ ਨੂੰ ਕੋਲਕਾਤਾ ਵਿੱਚ ਖਤਮ ਹੋਣੀ ਸੀ। ਆਈ ਪੀ ਐੱਲ ਦੇ 12 ਲੀਗ ਮੈਚ ਅਤੇ ਚਾਰ ਨਾਕਆਊਟ ਮੈਚ ਖੇਡੇ ਜਾਣੇ ਬਾਕੀ ਸਨ, ਜਿਨ੍ਹਾਂ ਵਿੱਚ ਕੋਲਕਾਤਾ ਵਿੱਚ ਖੇਡਿਆ ਜਾਣ ਵਾਲਾ ਫਾਈਨਲ ਵੀ ਸ਼ਾਮਲ ਸੀ।
ਪੁਣਛ ਦੇ ਪਿਤਾ-ਪੁੱਤਰ ਇਲਾਜ ਲਈ ਅੰਮਿ੍ਰਤਸਰ ’ਚ
ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਜੰਮੂ ਦੇ ਪੁਣਛ ਇਲਾਕੇ ਵਿੱਚ ਹਮਲੇ ਦੌਰਾਨ ਜ਼ਖਮੀ ਹੋਏ ਸਿੱਖਾਂ ਦੇ ਪਰਵਾਰਕ ਮੈਂਬਰ ਇਲਾਜ ਲਈ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ ਵਿੱਚ ਪੁੱਜੇ ਹਨ। ਇਨ੍ਹਾਂ ਦਾ ਸ਼ੁੱਕਰਵਾਰ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਹਾਲ-ਚਾਲ ਪੁੱਛਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਲਾਜ ਲਈ ਪੁੱਜੇ ਪੁਣਛ ਵਾਸੀ ਗੁਰਮੀਤ ਸਿੰਘ ਅਤੇ ਉਨ੍ਹਾ ਦਾ ਛੋਟਾ ਬੇਟਾ ਸ਼ਾਮਲ ਹਨ।