ਬੁੱਧੀਜੀਵੀਆਂ ਵੱਲੋਂ 25ਵੀਂ ਸੀ ਪੀ ਆਈ ਕਾਂਗਰਸ ਦਾ ਸਮਰਥਨ

0
11

ਚੰਡੀਗੜ੍ਹ : ਇੱਥੇ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36 ਵਿਚ, ਡਾ. ਸਵਰਾਜਬੀਰ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਇਕੱਠੇ ਹੋਏ ਪੰਜਾਬੀ ਲੇਖਕਾਂ, ਵਿਦਵਾਨਾਂ, ਪੱਤਰਕਾਰਾਂ, ਵਕੀਲਾਂ, ਅਦਾਕਾਰਾਂ, ਕਲਾਕਾਰਾਂ ਅਤੇ ਇਸਤਰੀ ਕਾਰਕੁਨਾਂ ਨੇ ਦੇਸ਼ ਨੂੰ ਖੱਬੀ ਦਿਸ਼ਾ ਵਿਚ ਤੋਰਨ ਲਈ ਅਤੇ ਜਮਹੂਰੀਅਤ, ਧਰਮ-ਨਿਰਪੱਖਤਾ ਅਤੇ ਸੰਵਿਧਾਨ ਦੀ ਰਾਖੀ ਲਈ ਇਥੇ 21 ਤੋਂ 25 ਸਤੰਬਰ ਤੱਕ ਹੋ ਰਹੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ।
ਕਨਵੈਨਸ਼ਨ ਸੈਂਟਰ ਦੇ ਭਰੇ ਹੋਏ ਹਾਲ ਵਿਚ ਬੁੱਧੀਜੀਵੀਆਂ ਨੂੰ ਜੀ ਆਇਆਂ ਆਖਦਿਆਂ, ਸੀ ਪੀ ਆਈ ਦੇ 25ਵੇਂ ਮਹਾਂ-ਸੰਮੇਲਨ ਲਈ ਬਣੀ ਸੁਆਗਤੀ ਕਮੇਟੀ ਦੇ ਜਨਰਲ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਅਜੋਕੀ ਗੰਭੀਰ ਚਿੰਤਾਜਨਕ ਸਥਿਤੀ ਵਿਚ ਪਾਰਟੀ ਦੇ ਮਹਾਂ-ਸੰਮੇਲਨ ਦੀ ਅਹਿਮੀਅਤ ਅਤੇ ਉਸ ਦੀ ਸਫਲਤਾ ਲਈ ਬੁੱਧੀਜੀਵੀ ਲੇਖਕਾਂ, ਕਲਾਕਾਰਾਂ, ਵਕੀਲਾਂ, ਪੱਤਰਕਾਰਾਂ ਦੇ ਯੋਗਦਾਨ ਉਤੇ ਜ਼ੋਰ ਦਿੱਤਾ।
ਆਰੰਭ ਵਿਚ ਉਹਨਾਂ ਪਹਿਲਗਾਮ ਵਿਚ ਆਤੰਕੀ ਹਮਲੇ ਵਿਚ ਮਾਰੇ ਗਏ 26 ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ, ਭਾਰਤੀ ਫੌਜ ਵੱਲੋਂ ਅਤੇ ਸਰਕਾਰ ਵੱਲੋਂ ਕੀਤੀ ਕਾਰਵਾਈ ਦਾ ਸਮਰਥਨ ਕੀਤਾ ਅਤੇ ਨਾਲ ਹੀ ਦੋਹਾਂ ਪ੍ਰਮਾਣੂ ਤਾਕਤ ਗੁਆਂਢੀਆਂ ਭਾਰਤ-ਪਾਕਿਸਤਾਨ ਨੂੰ ਅਪੀਲ ਕੀਤੀ ਕਿ ਜੰਗ ਤੋਂ ਗੁਰੇਜ਼ ਕੀਤਾ ਜਾਵੇ। ਸਾਥੀ ਬਰਾੜ ਨੇ ਪਾਰਟੀ ਕਾਂਗਰਸ ਦਾ ਸੁਨੇਹਾ ਲੋਕਾਂ ਤੱਕ ਲਿਜਾਣ ਅਤੇ ਮਾਹੌਲ ਸਿਰਜਣ ਦਾ ਸੱਦਾ ਦਿੱਤਾ। ਪਾਰਟੀ ਕਾਂਗਰਸ ਦੇ ਵੱਡੇ ਖਰਚੇ ਲਈ ਫੰਡ ਦੀ ਅਪੀਲ ਕੀਤੀ। ਉਨ੍ਹਾ ਇਹ ਵੀ ਕਿਹਾ ਕਿ ਕਿਸੇ ਬੁਰਜੂਆ ਪਾਰਟੀ ਦੇ ਬੰਦੇ ਤੋਂ ਫੰਡ ਨਹੀਂ ਲੈਣਾ। ਸੁਆਗਤੀ ਕਮੇਟੀ ਦੇ ਚੇਅਰਮੈਨ ਤੇ ਮੀਟਿੰਗ ਦੇ ਪ੍ਰਧਾਨ ਡਾ. ਸਵਰਾਜਬੀਰ ਨੇ ਉਤਸ਼ਾਹਜਨਕ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ-ਆਪ ਨੂੰ ਕਮਜ਼ੋਰ ਨਾ ਸਮਝੋ, ਸਰਮਾਏਦਾਰੀ ਨਿਜ਼ਾਮ ਖੁਦ ਕਮਜ਼ੋਰ ਤੇ ਸੰਕਟ ਦਾ ਸ਼ਿਕਾਰ ਹੈ। ਇਹ ਮਹਾਂ-ਸੰਮੇਲਨ ਸਾਨੂੰ ਮੌਕਾ ਦਿੰਦਾ ਹੈ ਕਿ ਆਪਣੀਆਂ ਤਾਕਤਾਂ ਨੂੰ ਲਾਮਬੰਦ ਤੇ ਜਥੇਬੰਦ ਕਰੀਏ। ਸੋਸ਼ਲ ਮੀਡੀਆ ਤੇ ਅਖਬਾਰਾਂ ਵਿਚ ਮਾਹੌਲ ਸਿਰਜੀਏ। ਸੈਮੀਨਾਰ ਕਰਵਾਈਏ। ਸੱਭਿਆਚਾਰਕ ਪ੍ਰੋਗਰਾਮ ਵਿਉਤੀਏ। ਉਹਨਾਂ ਔਰਤਾਂ ਨੂੰ ਵਧੇਰੇ ਸਰਗਰਮ ਕਰਨ ਅਤੇ ਉਹਨਾਂ ਨੂੰ ਵਧੇਰੇ ਮੌਕੇ ਅਤੇ ਸਮਰਥਨ ਦੇਣ ’ਤੇ ਜ਼ੋਰ ਦਿੱਤਾ। ਸੀ ਪੀ ਆਈ ਕੌਮੀ ਕੌਂਸਲ ਦੇ ਮੈਂਬਰਾਨ ਸਾਥੀ ਜਗਰੂਪ ਸਿੰਘ ਅਤੇ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਐਪਸੋ ਦੇ ਜਨਰਲ ਸਕੱਤਰ ਸਾਥੀ ਹਰਚੰਦ ਬਾਠ, ਦਰਸ਼ਨ ਧਾਲੀਵਾਲ, ਨਾਮਵਰ ਪੱਤਰਕਾਰ ਬਲਵਿੰਦਰ ਜੰਮੂ, ਪ੍ਰਸਿੱਧ ਵਕੀਲ ਜਸਪਾਲ ਦੱਪਰ, ਇਸਤਰੀ ਆਗੂ ਡਾ. ਕੰਵਲਜੀਤ ਕੌਰ, ਇਪਟਾ ਆਗੂ ਬਲਕਾਰ ਸਿੱਧੂ ਤੇ ਸੰਜੀਵਨ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਡਾ. ਇੰਦਰਵੀਰ, ਡਾ. ਰਾਬਿੰਦਰ ਸ਼ਰਮਾ ਨੇ ਮਹਾਂ-ਸੰਮੇਲਨ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਅਤੇ ਸਮਾਗਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਅਤੇ ਫੰਡ ਉਗਰਾਹੀ ਦਾ ਵਿਸ਼ਵਾਸ ਦੁਆਇਆ। ਉਪਰੋਕਤ ਤੋਂ ਇਲਾਵਾ ਮੀਟਿੰਗ ਵਿਚ ਪ੍ਰੋ. ਹਰਕਿਸ਼ਨ ਮਹਿਤਾ, ਪ੍ਰੋ. ਸਵਰਨਜੀਤ ਮਹਿਤਾ, ਡਾ. ਲਾਭ ਸਿੰਘ ਖੀਵਾ, ਗੁਰਨਾਮ ਕੰਵਰ, ਪਿ੍ਰੰ: ਗੁਰਦੇਵ ਪਾਲ, ਡਾ. ਸਰਬਜੀਤ ਸਿੰਘ, ਦੇਸ਼ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਮਹਿੰਦਰਪਾਲ, ਦਿਲਦਾਰ, ਡਾ. ਸੁਲਤਾਨਾ, ਡਾ. ਵੀਨਾ ਜੰਮੂ, ਰਮੇਸ਼ ਯਾਦਵ, ਭੂਪਿੰਦਰ ਸੰਧੂ, ਕਰਮ ਸਿੰਘ ਵਕੀਲ, ਅਮਨ ਭੋਗਲ, ਸੁਦੇਸ਼, ਰੈਕਟਰ ਕਥੂਰੀਆ, ਕਾਰਤਿਕਾ, ਏ.ਐੱਸ. ਪਾਲ, ਡਾ. ਅਰਵਿੰਦ ਸਾਂਬਰ ਤੇ ਸਾਥੀ ਜੋਗਿੰਦਰ ਸ਼ਰਮਾ ਆਦਿ ਸ਼ਾਮਲ ਸਨ।