ਅਮਨ ਦੀ ਆਵਾਜ਼

0
11

ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਭਾਰਤੀ ਹਮਲੇ ਤੋਂ ਬਾਅਦ ਜਸ਼ਨ ਦਾ ਅਜੀਬ ਮਾਹੌਲ ਸਿਰਜਿਆ ਗਿਆ। ਇਸ ਨੂੰ ਇੰਜ ਪੇਸ਼ ਕੀਤਾ ਗਿਆ, ਜਿਵੇਂ ਭਾਰਤੀ ਫੌਜ ਨੇ ਸਮੁੱਚੇ ਪਾਕਿਸਤਾਨ ’ਤੇ ਹਮਲਾ ਕਰਕੇ ਜਿੱਤ ਹਾਸਲ ਕਰ ਲਈ ਹੈ। ਇਸ ਜੰਗੀ ਰੌਲੇ ਤੇ ਦੋਹਾਂ ਪਾਸਿਓਂ ਤੇਜ਼ ਹੋ ਰਹੇ ਹਮਲਿਆਂ ਨੇ ਉਨ੍ਹਾਂ ਪੀੜਤ ਨਾਗਰਿਕਾਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ, ਜਿਹੜੇ ਪੂਰੀ ਤਰ੍ਹਾਂ ਬੇਕਸੂਰ ਹੋਣ ਦੇ ਬਾਵਜੂਦ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ, ਫਿਰ ਚਾਹੇ ਉਹ ਸਰਹੱਦ ਦੇ ਇਸ ਪਾਸੇ ਦੇ ਹੋਣ ਜਾਂ ਉਸ ਪਾਸੇ ਦੇ। ਚੱਲ ਰਹੀ ਜੰਗ ਵਿੱਚ ਇਹ ਤਾਂ ਹੋ ਨਹੀਂ ਸਕਦਾ ਕਿ ਸਿਰਫ ਇੱਕ ਪਾਸੇ ਦੇ ਨਾਗਰਿਕਾਂ ਦਾ ਹੀ ਨੁਕਸਾਨ ਹੋ ਰਿਹਾ ਹੋਵੇ। ਜੰਗ ਦੀ ਸਚਾਈ ਕਾਫੀ ਦੇਰ ਬਾਅਦ ਆਮ ਲੋਕਾਂ ਨੂੰ ਪਤਾ ਲਗਦੀ ਹੈ। ਉਦੋਂ ਤੱਕ ਦੋਹੀਂ ਪਾਸੀਂ ਕਾਫੀ ਬਰਬਾਦੀ ਹੋ ਚੁੱਕੀ ਹੁੰਦੀ ਹੈ। ਕਿਸੇ ਵੀ ਜੰਗ ਦੀ ਇਹੀ ਸਚਾਈ ਹੈ।
ਉਜ, ਲੋਕਾਂ ਲਈ ਨਹੀਂ, ਪਰ ਸਰਕਾਰਾਂ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਇਹ ਜੰਗ ਦੋਹਾਂ ਪਾਸਿਆਂ ਦੇ ਹੁਕਮਰਾਨਾਂ ਲਈ ਫਾਇਦੇਮੰਦ ਹੈ। ਪਾਕਿਸਤਾਨ ਦੀ ਸਰਕਾਰ ਉੱਥੋਂ ਦੇ ਨਾਗਰਿਕਾਂ ਦੀ ਨਹੀਂ ਤੇ ਉੱਥੇ ਫੌਜ ਦਾ ਹੀ ਅਸਲ ਕੰਟਰੋਲ ਹੈ। ਪਾਕਿਸਤਾਨ ਫੌਜ ਨੇ ਆਪਣੇ ਖਿਲਾਫ ਉੱਠ ਰਹੇ ਲੋਕ ਰੋਹ ਨੂੰ ਖੁੰਢਾ ਕਰਨ ਲਈ ਭਾਰਤੀ ਹਮਲਿਆਂ ਦਾ ਜ਼ੋਰਦਾਰ ਜਵਾਬ ਦੇਣ ਦਾ ਐਲਾਨ ਕਰਕੇ ਪਾਕਿਸਤਾਨੀਆਂ ਵਿੱਚ ਜੰਗੀ ਜਨੂੰਨ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਧਰ ਵੀ ਕੇਂਦਰ ਵਿੱਚ ਹੁਕਮਰਾਨ ਭਾਜਪਾ ਸਰਕਾਰ ਤੇ ਪੂਰਾ ਸੰਘੀ ਲਾਣਾ ਇਸ ਮੌਕੇ ਦੀ ਵਰਤੋਂ ਪਾਕਿਸਤਾਨ ਖਿਲਾਫ ਆਮ ਭਾਰਤੀਆਂ ਵਿੱਚ ਜੰਗੀ ਜਨੂੰਨ ਭੜਕਾਉਣ, ਆਮ ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣ ਤੇ ਕੁਲ ਮਿਲਾ ਕੇ ਦੇਸ਼ ਵਿੱਚ ਫਿਰਕੂ ਸਫਬੰਦੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਦਹਿਸ਼ਤਗਰਦੀ ਵਰਗੇ ਗੰਭੀਰ ਮੁੱਦਿਆਂ ਨਾਲ ਨਜਿੱਠਣਾ ਤਾਂ ਇੱਕ ਵੱਖਰਾ ਮਾਮਲਾ ਹੈ, ਫਿਲਹਾਲ ਇਨ੍ਹਾਂ ਦੀ ਨਜ਼ਰ ਬਿਹਾਰ ਤੇ ਹੋਰਨਾਂ ਰਾਜਾਂ ਦੀਆਂ ਅਸੈਂਬਲੀ ਚੋਣਾਂ ’ਤੇ ਟਿਕੀਆਂ ਹੋਈਆਂ ਹਨ ਤਾਂ ਕਿ ‘ਰਾਸ਼ਟਰਵਾਦ’ ਦੇ ਨਾਂਅ ’ਤੇ ਵੋਟਾਂ ਦੀ ਫਸਲ ਕੱਟੀ ਜਾ ਸਕੇ। ਜਦੋਂ ਕਹਿਣ ਨੂੰ ਕੋਈ ਉਪਲੱਬਧੀ ਨਾ ਹੋਵੇ, ਆਮ ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਦਾ ਮਾਦਾ ਨਾ ਹੋਵੇ, ਉਦੋਂ ਇਹ ‘ਰਾਸ਼ਟਰਵਾਦ’ ਹੀ ਵੱਡੇ ਕੰਮ ਆਉਦਾ ਹੈ ਅਤੇ ਸਿਆਸਤ ਦੇ ਚੰਗੇ ਤੋਂ ਚੰਗੇ ਖਿਡਾਰੀਆਂ ਨੂੰ ਧੂੜ ਚਟਾ ਦਿੰਦਾ ਹੈ। ਸੰਘੀ ਲਾਣਾ ਇਸ ਕੰਮ ਵਿੱਚ ਮਾਹਰ ਹੈ।
ਇਨ੍ਹਾਂ ਪ੍ਰਸਥਿਤੀਆਂ ਵਿੱਚ ਲੋਕਾਂ ਨੂੰ ਸਮਝਣਾ ਪਵੇਗਾ ਕਿ ਅਮਨ ਦਾ ਕੋੋਈ ਬਦਲ ਨਹੀਂ ਅਤੇ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਧਰਮ, ਜਾਤ ਤੇ ਰਾਸ਼ਟਰਵਾਦ ਵਰਗੇ ਨਸ਼ੀਲੇ ਮੁੱਦਿਆਂ ਤੋਂ ਬਾਹਰ ਆ ਕੇ ਉਨ੍ਹਾਂ ਇਨਸਾਨੀ ਜ਼ਿੰਦਗੀਆਂ ਬਾਰੇ ਸੋਚਣ ਦੀ ਲੋੜ ਹੈ, ਜਿਹੜੀਆਂ ਜੰਗ ਦੀ ਕੋਈ ਧਿਰ ਨਹੀਂ ਹੁੰਦੀਆਂ, ਪਰ ਉਨ੍ਹਾਂ ਨੂੰ ਜਬਰੀ ਇਧਰ ਜਾਂ ਉਧਰ ਦੀਆਂ ਹਾਮੀ ਬਣਾਇਆ ਜਾਂਦਾ ਹੈ ਤਾਂ ਕਿ ਹਾਕਮ ਵਰਗ ਦੇ ਸੁਆਰਥ ਦੀ ਭੱਠੀ ਵਿੱਚ ਉਨ੍ਹਾਂ ਦੀ ਬਲੀ ਦਿੱਤੀ ਜਾ ਸਕੇ। ਜੰਗ ਦੇ ਇਸ ਸਮੇਂ ਅਮਨ ਦੀ ਆਵਾਜ਼ ਬੁਲੰਦ ਕਰਨਾ ਹੀ ਸੱਚੀ ਰਾਸ਼ਟਰ ਭਗਤੀ ਹੈ, ਚਾਹੇ ਫਿਲਹਾਲ ਇਹ ਆਵਾਜ਼ ਕਿੰਨੀ ਵੀ ਕਮਜ਼ੋਰ ਕਿਉ ਨਾ ਹੋਵੇ। ਵਿਸ਼ਵ ਤੇ ਇਸ ਉਪ-ਮਹਾਂਦੀਪ ਦੀ ਸੱਭਿਅਤਾ ਨੂੰ ਜੰਗ ਨਹੀਂ, ਅਮਨ ਹੀ ਅੱਗੇ ਵਧਾਏਗਾ। ਜੰਗ ਨੂੰ ਰੋਕਣਾ ਹੀ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੇ ਹਿੱਤ ਵਿੱਚ ਹੈ।