ਨਵੀਂ ਦਿੱਲੀ : ਸਰਕਾਰ ਨੇ ਅਪ੍ਰੇਸ਼ਨ ਸਿੰਧੂਰ ਦੇ ਪਹਿਲੇ ਪੜਾਅ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਦੋ ਨੇੜਲੇ ਰਿਸ਼ਤੇਦਾਰਾਂ ਸਣੇ ਪੰਜ ਸਿਖਰਲੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦਹਿਸ਼ਤਗਰਦਾਂ ਵਿੱਚ ਮੁਦੱਸਰ ਖਾਦਿਆਨ ਖਾਸ ਉਰਫ ਮੁਦੱਸਰ ਉਰਫ ਅਬੂ ਜੁੰਦਾਲ ਵੀ ਸ਼ਾਮਲ ਹੈ, ਜੋ ਲਸ਼ਕਰ-ਏ-ਤਈਬਾ ਨਾਲ ਸੰਬੰਧਤ ਤੇ ਮਰਕਜ਼ ਤਈਬਾ ਮੁਰੀਦਕੇ ਦਾ ਇੰਚਾਰਜ ਸੀ।
ਮੁਰੀਦਕੇ ਉਹੀ ਦਹਿਸ਼ਤੀ ਟਿਕਾਣਾ ਹੈ, ਜਿਸ ਨੂੰ ਭਾਰਤੀ ਸੁਰੱਖਿਆ ਬਲਾਂ ਨੇ 7 ਮਈ ਦੇ ਹਮਲੇ ਦੌਰਾਨ ਨਿਸ਼ਾਨਾ ਬਣਾਇਆ ਸੀ। ਮੁੰਬਈ ਦਹਿਸ਼ਤੀ ਹਮਲੇ ਨਾਲ ਸੰਬੰਧਤ ਦਹਿਸ਼ਤਗਰਦਾਂ ਅਜਮਲ ਕਸਾਬ ਤੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਹੈਡਲੀ ਨੂੰ ਮੁਰੀਦਕੇ ਮਰਕਜ਼ ਵਿੱਚ ਹੀ ਸਿਖਲਾਈ ਦਿੱਤੀ ਗਈ ਸੀ। ਖਾਸ ਨੂੰ ਸਪੁਰਦੇ ਖਾਕ ਕੀਤੇ ਜਾਣ ਮੌਕੇ ਪਾਕਿਸਤਾਨੀ ਫੌਜ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਪਾਕਿਸਤਾਨੀ ਫੌਜ ਦੇ ਮੁਖੀ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਖਾਸ ਦੀਆਂ ਅੰਤਮ ਰਸਮਾਂ ਸਰਕਾਰੀ ਸਕੂਲ ਵਿੱਚ ਕੀਤੀਆਂ ਗਈਆਂ, ਜਿਸ ਦੀ ਅਗਵਾਈ ਜਮਾਤ-ਉਦ-ਦਾਵਾ (ਇੱਕ ਨਾਮਜ਼ਦ ਆਲਮੀ ਦਹਿਸ਼ਤੀ ਜਥੇਬੰਦੀ) ਦੇ ਹਾਫਿਜ਼ ਅਬਦੁਲ ਰਊਫ ਨੇ ਕੀਤੀ। ਅੰਤਮ ਰਸਮਾਂ ਵਿੱਚ ਪਾਕਿਸਤਾਨੀ ਫੌਜ ਦੇ ਇੱਕ ਸੇਵਾਮੁਕਤ ਲੈਫਟੀਨੈਂਟ ਜਨਰਲ ਅਤੇ ਪੰਜਾਬ ਪੁਲਸ ਦੇ ਆਈ ਜੀ ਨੇ ਵੀ ਸ਼ਿਰਕਤ ਕੀਤੀ।
ਭਾਰਤੀ ਹਮਲੇ ਵਿੱਚ ਮਾਰਿਆ ਗਿਆ ਦੂਜਾ ਦਹਿਸ਼ਤਗਰਦ ਹਾਫਿਜ਼ ਮੁਹੰਮਦ ਜਮੀਲ ਹੈ, ਜੋ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਹੈ। ਉਹ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦਾ ਸਭ ਤੋਂ ਵੱਡਾ ਭਣੋਈਆ ਸੀ, ਜੋ ਕਿ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਸੀ ਅਤੇ ਉਸ ’ਤੇ ਕਈ ਘਾਤਕ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਸੀ। ਇਸ ਵਿੱਚ 2019 ਦਾ ਪੁਲਵਾਮਾ ਬੰਬ ਧਮਾਕਾ ਵੀ ਸ਼ਾਮਲ ਹੈ, ਜਿਸ ਵਿੱਚ 40 ਸੀ ਆਰ ਪੀ ਐੱਫ ਜਵਾਨ ਮਾਰੇ ਗਏ ਸਨ। ਹਾਫਿਜ਼ ਮੁਹੰਮਦ ਜਮੀਲ ਬਹਾਵਲਪੁਰ ਦੇ ਮਰਕਜ਼ ਸੁਭਾਨ ਅੱਲ੍ਹਾ ਦਾ ਇੰਚਾਰਜ ਸੀ। ਇਸੇ ਮਰਕਜ਼ ਉੱਤੇ ਭਾਰਤ ਨੇ ਹਮਲਾ ਕੀਤਾ ਸੀ। ਉਹ ਨੌਜਵਾਨਾਂ ਨੂੰ ਕੱਟੜਪੰਥੀ ਸਿੱਖਿਆ ਦੇਣ ਅਤੇ ਜੈਸ਼-ਏ-ਮੁਹੰਮਦ ਲਈ ਫੰਡ ਇਕੱਠਾ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਜੈਸ਼-ਏ-ਮੁਹੰਮਦ ਦਾ ਮੁਹੰਮਦ ਯੂਸਫ ਅਜ਼ਹਰ ਉਰਫ ਉਸਤਾਦ ਜੀ ਉਰਫ ਮੁਹੰਮਦ ਸਲੀਮ ਉਰਫ ਘੋਸੀ ਸਾਹਿਬ, ਜੋ ਮੌਲਾਨਾ ਮਸੂਦ ਅਜ਼ਹਰ ਦਾ ਸਾਲਾ ਸੀ, ਵੀ ਮਾਰਿਆ ਗਿਆ। ਉਹ ਜੈਸ਼-ਏ-ਮੁਹੰਮਦ ਲਈ ਹਥਿਆਰਾਂ ਦੀ ਸਿਖਲਾਈ ਸੰਭਾਲਦਾ ਸੀ। ਜੰਮੂ-ਕਸ਼ਮੀਰ ਵਿੱਚ ਕਈ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਸੀ ਅਤੇ ਆਈ ਸੀ-814 ਹਾਈਜੈਕਿੰਗ ਮਾਮਲੇ ਵਿੱਚ ਲੋੜੀਂਦਾ ਸੀ।
ਮਾਰਿਆ ਜਾਣ ਵਾਲਾ ਚੌਥਾ ਦਹਿਸ਼ਤਗਰਦ ਖਾਲਿਦ ਉਰਫ ਅਬੂ ਅਕਾਸ਼ਾ ਹੈ, ਜੋ ਲਸ਼ਕਰ-ਏ-ਤੋਈਬਾ ਨਾਲ ਸੰਬੰਧਤ ਸੀ ਅਤੇ ਜੰਮੂ-ਕਸ਼ਮੀਰ ਵਿੱਚ ਕਈ ਦਹਿਸ਼ਤੀ ਹਮਲਿਆਂ ਵਿੱਚ ਸ਼ਾਮਲ ਸੀ। ਉਹ ਅਫਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ। ਉਸ ਦੀਆਂ ਅੰਤਮ ਰਸਮਾਂ ਫੈਸਲਾਬਾਦ ਵਿੱਚ ਹੋਈਆਂ, ਜਿਸ ਵਿੱਚ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕੀਤੀ। ਪੰਜਵਾਂ ਲੋੜੀਂਦਾ ਅੱਤਵਾਦੀ ਮੁਹੰਮਦ ਹਸਨ ਖਾਨ ਸੀ, ਜੋ ਕਿ ਜੈਸ਼-ਏ-ਮੁਹੰਮਦ ਨਾਲ ਸੰਬੰਧਤ ਸੀ। ਉਹ ਮੁਫਤੀ ਅਸਗਰ ਖਾਨ ਕਸ਼ਮੀਰੀ ਦਾ ਪੁੱਤਰ ਹੈ, ਜੋ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦਾ ਸੰਚਾਲਨ ਕਮਾਂਡਰ ਸੀ ਅਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਦੇ ਤਾਲਮੇਲ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸੀ।