ਕਈ ਪਿੰਡਾਂ ’ਚ ਡਿੱਗੇ ਪਾਕਿਸਤਾਨੀ ਡਰੋਨਾਂ ਦੇ ਅੰਗ

0
15

ਕਿਸ਼ਨਗੜ੍ਹ/ਫਿਰੋਜ਼ਪੁਰ
(ਸੁਖਜੀਤ ਕੁਮਾਰ/ਅਸ਼ੋਕ ਸ਼ਰਮਾ)
ਥਾਣਾ ਮਕਸੂਦਾਂ ਦੇ ਪਿੰਡ ਸਰਮਸਤਪੁਰ ਵਿਖੇ ਸ਼ਨੀਵਾਰ ਤੜਕੇ ਸਾਢੇ ਚਾਰ ਕੁ ਵਜੇ ਖੇਤਾਂ ’ਚ ਰਾਤੀਂ ਰਾਕਟਨੁਮਾ ਚੀਜ਼ ਡਿੱਗੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਸਾਢੇ ਕੁ ਚਾਰ ਵਜੇ ਪਿੰਡ ਵਿੱਚ ਜ਼ੋਰ ਦੀ ਖੜਾਕ ਦੀ ਆਵਾਜ਼ ਸੁਣਾਈ ਦਿੱਤੀ। ਥੋੜੀ ਦੇਰ ਬਾਅਦ ਪਤਾ ਚੱਲਿਆ ਕਿ ਖੇਤ ’ਚ ਕੋਈ ਚੀਜ਼ ਅਸਮਾਨ ਵਿੱਚੋਂ ਡਿੱਗੀ ਸੀ।
ਇਸ ਤਰ੍ਹਾਂ ਹੀ ਥਾਣਾ ਕਰਤਾਰਪੁਰ ਦੇ ਪਿੰਡ ਮੰਡ ਮੌੜ ਵਿਖੇ ਕਿਸ਼ਨਗੜ੍ਹ-ਕਰਤਾਰਪੁਰ ਰੋਡ ’ਤੇ ਪ੍ਰਵਾਸੀਆਂ ਦੀਆਂ ਝੁਗੀਆਂ ਸਾਹਮਣੇ ਅਸਮਾਨ ਤੋਂ ਰਾਕਟਨੁਮਾ ਚੀਜ਼ ਮਿਲਣ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਸਿਵਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋਵਾਂ ਪਿੰਡਾਂ ’ਚੋਂ ਇਹ ਰਾਕਟਨੁਮਾ ਚੀਜ਼ਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਸਨ।
ਆਦਮਪੁਰ ਨੇੜੇ ਕੰਗਣੀਵਾਲ ਪਿੰਡ ਦੇ ਲੋਕਾਂ ਨੇ ਸਨਿੱਚਰਵਾਰ ਰਾਤ 1:30 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ। ਪਿੰਡ ਵਾਸੀਆਂ ਨੇ ਕਿਹਾ ਕਿ ਜਿਵੇਂ ਹੀ ਉਹ ਘਰਾਂ ਦੇ ਬਾਹਰ ਆਏ ਤਾਂ ਉਨ੍ਹਾਂ ਮਿਜ਼ਾਈਲ ਦਾ ਮਲਬਾ ਦੇਖਿਆ। ਘਰ ਦੇ ਬਾਹਰ ਖੜ੍ਹੀ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇੱਕ ਹੋਰ ਘਰ ਵਿੱਚ ਪਾਣੀ ਦੀ ਟੈਂਕੀ ਵਿੱਚ ਤਰੇੜਾਂ ਆ ਗਈਆਂ ਸਨ। ਫਗਵਾੜਾ ਨੇੜੇ ਰਾਮਪੁਰ ਖਲਿਆਣ ਪਿੰਡ ਵਿੱਚ ਵੀ ਮਿਜ਼ਾਈਲ ਦਾ ਮਲਬਾ ਮਿਲਿਆ, ਜਿੱਥੇ ਖੇਤ ਵਿੱਚ 8 ਫੁੱਟ ਡੂੰਘਾ ਟੋਆ ਪੈ ਗਿਆ।
ਸਨਿੱਚਰਵਾਰ ਸਵੇਰੇ 7:15 ਵਜੇ ਤੋਂ ਬਾਅਦ ਘੱਟੋ-ਘੱਟ ਚਾਰ ਹੋਰ ਧਮਾਕੇ ਸੁਣੇ ਗਏ। ਪ੍ਰਸ਼ਾਸਨ ਵੱਲੋਂ ਸਾਇਰਨ ਵਜਾਏ ਜਾ ਰਹੇ ਸਨ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੱਕ ਸੁਨੇਹਾ ਵਿਚ ਕਿਹਾ, ‘ਜਲੰਧਰ ਸਾਰੀ ਰਾਤ ਰੈੱਡ ਅਲਰਟ ’ਤੇ ਸੀ। ਬਹੁਤ ਸਾਰੀਆਂ ਚੀਜ਼ਾਂ (ਮਿਜ਼ਾਈਲਾਂ/ਡਰੋਨ) ਵੇਖੀਆਂ ਗਈਆਂ ਅਤੇ ਹਥਿਆਰਬੰਦ ਬਲਾਂ ਨੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ ਹੈ। ਸ਼ਾਂਤ ਰਹੋ ਅਤੇ ਜਿੰਨਾ ਹੋ ਸਕੇ ਘਰਾਂ ਅੰਦਰ ਰਹੋ।’ ਇਸੇ ਤਰ੍ਹਾਂ ਮੁਹੱਦੀਪੁਰ ਅਰਾਈਆਂ, ਧੋਗੜੀ, ਸਿਕੰਦਰਪੁਰ ਵਿੱਚ ਡਰੋਨ ਦੇ ਟੁਕੜੇ ਮਿਲੇ ਹਨ। ਸਾਰੀ ਰਾਤ ਹੋਏ ਧਮਾਕਿਆਂ ਕਾਰਨ ਲੋਕਾਂ ਨੇ ਰਾਤ ਜਾਗ ਕੇ ਕੱਢੀ।
ਰਈਆ ਦੇ ਨਜ਼ਦੀਕੀ ਪਿੰਡ ਜੱਲੂਪੁਰ ਖੈੜਾ ਦੇ ਖੇਤਾਂ ਵਿੱਚ ਸ਼ੁੱਕਰਵਾਰ ਰਾਤ ਅਸਮਾਨ ਤੋਂ ਵੱਡੀ ਮਾਤਰਾ ਵਿੱਚ ਮਿਜ਼ਾਈਲ/ ਡਰੋਨ ਦੇ ਟੁਕੜੇ ਡਿੱਗੇ। ਰਾਤ ਪਹਿਲਾਂ ਸਾਢੇ 8 ਵਜੇ ਤੇ ਫਿਰ 1 ਵਜੇ ਅਤੇ ਸਵੇਰੇ ਕਰੀਬ 5 ਵਜੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਿੰਡ ਜੱਲੂਪੁਰ ਖੈੜਾ ਦੇ ਬਾਹਰ ਡੇਰਿਆਂ ਵਿੱਚ ਡੇਢ ਕਿਲੋਮੀਟਰ ਤੱਕ ਵੱਡੀ ਮਾਤਰਾ ਵਿੱਚ ਟੁਕੜੇ ਖਿਲਰੇ ਦਿਖਾਈ ਦਿੱਤੇ। ਲੋਕਾਂ ਨੇ ਦੱਸਿਆ ਕਿ ਰਾਤ 1 ਵਜੇ ਤੋਂ ਬਾਅਦ ਅਸਮਾਨ ਵਿੱਚ ਭਾਰੀ ਧਮਾਕਾ ਸੁਣਾਈ ਦਿੱਤਾ, ਜਿਸ ਉਪਰੰਤ ਦਰਵਾਜ਼ੇ ਅਤੇ ਖਿੜਕੀਆਂ ਕੰਬਣ ਲੱਗ ਪਏ ਅਤੇ ਖੇਤਾਂ ਵਿੱਚ ਧੂੰਆਂ ਹੀ ਧੂੰਆਂ ਦਿਖਾਈ।
ਕਸਬਾ ਗੋਇੰਦਵਾਲ ਨੇੜੇ ਸ਼ੁੱਕਰਵਾਰ ਰਾਤ ਡੇਢ ਵਜੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਪਾਕਿਸਤਾਨ ਨੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਅਤੇ ਬਿਆਸ ਪੁਲ ਨੂੰ ਨਿਸ਼ਾਨਾ ਬਣਾਇਆ।
ਧਮਾਕਿਆਂ ਕਾਰਨ ਜਿੱਥੇ ਥਰਮਲ ਪਲਾਂਟ ਦੇ ਕੁਝ ਬਿਲਡਿੰਗਾਂ ਦੇ ਸ਼ੀਸ਼ੇ ਟੁੱਟੇ ਹਨ, ਉੱਥੇ ਹੀ ਬਿਆਸ ਪੁਲ ਨਾਲ ਲੱਗਦੇ ਕੁਝ ਪਿੰਡਾਂ ਦੇ ਘਰਾਂ ਦੇ ਬੂਹੇ-ਬਾਰੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਕੁਝ ਲੋਕਾਂ ਨੇ ਡਰੋਨਨੁਮਾ ਵਸਤੂ ਨੂੰ ਨਸ਼ਟ ਹੁੰਦੇ ਤੇ ਦਰਿਆ ਬਿਆਸ ਵਿੱਚ ਡਿੱਗਦੇ ਦੇਖਿਆ, ਪਰ ਇਸ ਦੀ ਕਿਸੇ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਆਮ ਲੋਕਾਂ ਨੇ ਆਖਿਆ ਕਿ ਸਰਕਾਰ ਵੱਲੋਂ ਬਲੈਕਆਊਟ ਦੇ ਹੁਕਮਾਂ ਦੇ ਬਾਵਜੂਦ ਥਰਮਲ ਪਲਾਂਟ ਪੂਰੀ ਤਰ੍ਹਾ ਜਗਮਗਾ ਰਿਹਾ ਸੀ।
ਸਨਿੱਚਰਵਾਰ ਸਵੇਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਬੰਬਾਂ ਦੇ ਟੁਕੜੇ ਮਿਲੇ। ਸਰਹੱਦ ’ਤੇ ਕੁਝ ਛੋਟੇ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸ਼ਹਿਰ ਅਤੇ ਛਾਉਣੀ ਵਿੱਚ ਐਮਰਜੈਂਸੀ ਸਾਇਰਨ ਵੱਜਣੇ ਸ਼ੁਰੂ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ।
ਪੁਲਸ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਨੂੰ ਇਹਤਿਆਤ ਵਜੋਂ ਬੰਦ ਕਰਵਾ ਦਿੱਤਾ। ਸ਼ੁੱਕਰਵਾਰ ਰਾਤ ਪਿੰਡ ਖਾਈ ਫੇਮੇ ਕੀ ਵਿੱਚ ਇੱਕ ਘਰ ’ਤੇ ਡਰੋਨ ਹਮਲਾ ਹੋਣ ਕਾਰਨ ਅੱਗ ਲੱਗ ਗਈ। ਅੰਦਰ ਖੜ੍ਹੀ ਇੱਕ ਕਾਰ ਪੂਰੀ ਤਰ੍ਹਾਂ ਸੜ ਗਈ ਅਤੇ ਗੈਸ ਸਿਲੰਡਰ ਵੀ ਫਟ ਗਿਆ। ਘਰ ਦੇ ਤਿੰਨ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ, ਜਿਨ੍ਹਾਂ ’ਚ ਬਜ਼ੁਰਗ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਤੇ ਸਾਬਕਾ ਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਵਾ 2 ਵਜੇ ਪਿੰਡ ’ਚ ਇਕਦਮ ਰੌਸ਼ਨੀ ਹੋਈ। ਦੇਖਦੇ ਹੀ ਦੇਖਦੇ ਪਿੰਡ ਦੇ ਬਾਹਰ ਖੇਤ ’ਚ ਧਮਾਕਾ ਹੋਇਆ ਤੇ ਅੱਗ ਦੇ ਭਾਂਬੜ ਨਿਕਲ ਆਏ। ਉਥੇ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਕਰੀਬ ਪੰਜ ਫੁੱਟ ਤੱਕ ਡੂੰਘਾ ਟੋਆ ਪੈ ਗਿਆ।
ਦੇਖਣ ’ਚ ਇਹ ਕੋਈ ਮਿਜ਼ਾਇਲਨੁਮਾ ਚੀਜ਼ ਜਾਪਦੀ ਹੈ, ਜਿਸ ਨੇ ਭਾਰੀ ਤਬਾਹੀ ਮਚਾਈ।