ਜੰਮੂ : ਪਾਕਿਸਤਾਨ ਵੱਲੋਂ ਸਨਿੱਚਰਵਾਰ ਤੜਕੇ ਜੰਮੂ ਖੇਤਰ ਵਿੱਚ ਦਾਗੇ ਮੋਰਟਾਰ ਗੋਲਿਆਂ ਅਤੇ ਡਰੋਨ ਹਮਲਿਆਂ ਵਿੱਚ ਜੰਮੂ-ਕਸ਼ਮੀਰ ਦੇ ਸੀਨੀਅਰ ਸਰਕਾਰੀ ਅਧਿਕਾਰੀ ਤੇ ਦੋ ਸਾਲਾ ਬੱਚੀ ਸਣੇ 6 ਵਿਅਕਤੀ ਮਾਰੇ ਗਏ।
ਐਡੀਸ਼ਨਲ ਡਿਪਟੀ ਕਮਿਸ਼ਨਰ ਰਾਜੌਰੀ ਰਾਜ ਕੁਮਾਰ ਥਾਪਾ ਤੇ ਉਨ੍ਹਾ ਦੇ ਦੋ ਸਟਾਫ ਮੈਂਬਰ ਰਾਜੌਰੀ ਕਸਬੇ ਵਿੱਚ ਘਰ ਉੱਤੇ ਡਿੱਗੇ ਗੋਲੇ ਕਰਕੇ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਫੌਰੀ ਸਰਕਾਰੀ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਥਾਪਾ ਦੀ ਮੌਤ ਹੋ ਗਈ, ਜਦੋਂਕਿ ਸਟਾਫ ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਇਸ ਦੌਰਾਨ ਰਾਜੌਰੀ ਕਸਬੇ ਵਿੱਚ ਸਨਅਤੀ ਇਲਾਕੇ ਨੇੜੇ ਦਾਗੇ ਮੋਰਟਾਰ ਗੋਲਿਆਂ ਕਰਕੇ ਆਇਸ਼ਾ ਨੂਰ (2) ਤੇ ਮੁਹੰਮਦ ਸ਼ੋਇਬ (35) ਦੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਜ਼ਖਮੀ ਦੱਸੇ ਜਾਂਦੇ ਹਨ। ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ਦੇ ਕਾਂਗੜਾ-ਗਲਹੁੱਟਾ ਪਿੰਡ ਵਿੱਚ ਇੱਕ ਘਰ ’ਤੇ ਮੋਰਟਾਰ ਗੋਲਾ ਡਿੱਗਣ ਕਰਕੇ 55 ਸਾਲਾ ਮਹਿਲਾ ਰਾਸ਼ਿਦਾ ਬੀ ਦੀ ਮੌਤ ਹੋ ਗਈ। ਇੱਕ ਹੋਰ ਘਟਨਾ ’ਚ ਜੰਮੂ ਜ਼ਿਲ੍ਹੇ ਦੇ ਆਰ ਐੱਸ ਪੁਰਾ ਸੈਕਟਰ ’ਚ ਸਰਹੱਦ ਪਾਰੋਂ ਗੋਲੀਬਾਰੀ ’ਚ ਬਿਧੀਪੁਰ ਜੱਟਾਂ ਪਿੰਡ ਦੇ ਅਸ਼ੋਕ ਕੁਮਾਰ ਉਰਫ ਸ਼ੋਕੀ ਦੀ ਮੌਤ ਹੋ ਗਈ। ਪੁਣਛ ਵਿੱਚ ਜਾਰੀ ਗੋਲਾਬਾਰੀ ’ਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਰਾਜੌਰੀ ਦੇ ਨੌਸ਼ਹਿਰਾ ਸੈਕਟਰ ’ਚ ਮੁਕਾਮੀ ਪੱਤਰਕਾਰ ਜ਼ਖਮੀ ਹੋ ਗਿਆ। ਜੰਮੂ ਸ਼ਹਿਰ ਦੇ ਰੇਹਾੜੀ ਤੇ ਰੂਪ ਨਗਰ ਵਿੱਚ ਵੀ ਮੋਰਟਾਰ ਗੋਲਿਆਂ ਤੇ ਸ਼ੱਕੀ ਡਰੋਨ ਹਮਲਿਆਂ ਵਿਚ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ।
ਪਾਕਿਸਤਾਨੀ ਹਮਲੇ ਵਿੱਚ ਊਧਮਪੁਰ ’ਚ ਮੈਡੀਕਲ ਅਸਿਸਟੈਂਟ ਸੁਰਿੰਦਰ ਕੁਮਾਰ ਦੀ ਮੌਤ ਹੋ ਗਈ। ਰਾਜਸਥਾਨ ਦੇ ਝੁਨਝੁਨੂ ਦੇ ਪਿੰਡ ਮਹਾਰਦਾਸੀ ਦਾ ਸੁਰਿੰਦਰ ਕੁਮਾਰ ਆਪਣੇ ਪਿੱਛੇ ਮਾਂ, ਪਤਨੀ, 11 ਸਾਲ ਦੀ ਧੀ ਤੇ ਚਾਰ ਸਾਲ ਦਾ ਪੁੱਤਰ ਛੱਡ ਗਿਆ ਹੈ। ਉਹ ਏਅਰਪੋਰਟ ਦੀ ਮੈਡੀਕਲ ਡਿਸਪੈਂਸਰੀ ਵਿੱਚ ਤਾਇਨਾਤ ਸੀ। ਜੰਮੂ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਆਰ ਐੱਸ ਪੁਰਾ ਸੈਕਟਰ ਵਿੱਚ ਪਾਕਿਸਤਾਨੀ ਗੋਲਾਬਾਰੀ ’ਚ ਬੀ ਐੱਸ ਐੱਫ ਦੇ ਅੱਠ ਜਵਾਨ ਜ਼ਖਮੀ ਹੋ ਗਏ।




