ਨਵੀਂ ਦਿੱਲੀ : ਭਾਰਤ ਤੇ ਪਾਕਿਸਤਾਨ ਸਨਿੱਚਵਾਰ ਸ਼ਾਮੀਂ ਪੰਜ ਵਜੇ ਤੋਂ ਫਾਇਰਿੰਗ ਤੇ ਮਿਲਟਰੀ ਐਕਸ਼ਨ ਰੋਕਣ ਲਈ ਰਾਜ਼ੀ ਹੋ ਗਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪ੍ਰੇਸ਼ਨਜ਼ (ਡੀ ਜੀ ਐੱਮ ਓ) ਨੇ ਤਿੰਨ ਵੱਜ ਕੇ 35 ਮਿੰਟ ’ਤੇ ਭਾਰਤ ਦੇ ਡੀ ਜੀ ਐੱਮ ਓ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਦੋਨੋਂ ਰਾਜ਼ੀ ਹੋਏ ਕਿ ਦੋਨੋਂ ਧਿਰਾਂ ਸ਼ਾਮੀਂ ਪੰਜ ਵਜੇ ਤੋਂ ਧਰਤੀ, ਹਵਾ ਤੇ ਸਮੁੰਦਰ ਤੋਂ ਹਰ ਤਰ੍ਹਾਂ ਦੀ ਫਾਇਰਿੰਗ ਤੇ ਮਿਲਟਰੀ ਐਕਸ਼ਨ ਰੋਕ ਦੇਣਗੀਆਂ। ਮਿਸਰੀ ਨੇ ਅੱਗੇ ਦੱਸਿਆ ਕਿ ਦੋਨੋਂ ਜਨਰਲ 12 ਮਈ ਦੀ ਦੁਪਹਿਰ ਫਿਰ ਗੱਲ ਕਰਨਗੇ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਦੱਸਿਆ ਕਿ ਦੋਨੋਂ ਦੇਸ਼ ਫਾਇਰਿੰਗ ਤੇ ਮਿਲਟਰੀ ਐਕਸ਼ਨ ਰੋਕਣ ਲਈ ਸਮਝ ਬਣਾਉਣ ’ਤੇ ਰਾਜ਼ੀ ਹੋ ਗਏ ਹਨ। ਉਨ੍ਹਾ ਇਹ ਵੀ ਕਿਹਾ ਕਿ ਭਾਰਤ ਦਹਿਸ਼ਤਗਰਦੀ ਨਾਲ ਸਮਝੌਤਾ ਨਹੀਂ ਕਰੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੀ ਕਿਹਾ ਕਿ ਦੋਨੋਂ ਦੇਸ਼ ਫੌਰੀ ਗੋਲੀਬੰਦੀ ਲਈ ਰਾਜ਼ੀ ਹੋ ਗਏ ਹਨ।
ਦਰਅਸਲ ਸਭ ਤੋਂ ਪਹਿਲਾਂ ਜੰਗਬੰਦੀ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਦਾਅਵਾ ਕਰਦਿਆਂ ਕੀਤਾ ਕਿ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਪੂਰੀ ਅਤੇ ਤੁਰੰਤ’ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਇੱਕ-ਦੂਜੇ ਦੇ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਤੋਂ ਕੁਝ ਘੰਟੇ ਬਾਅਦ ਹੋਈ। ਟਰੰਪ ਨੇ ਟਰੁਥ ਸੋਸ਼ਲ ’ਤੇ ਇੱਕ ਪੋਸਟ ਵਿਚ ਐਲਾਨ ਕੀਤਾ, ‘ਅਮਰੀਕਾ ਦੀ ਵਿਚੋਲਗੀ ਨਾਲ ਹੋਈ ਰਾਤ ਭਰ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰੀ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ।’ ਟਰੰਪ ਨੇ ਅੱਗੇ ਕਿਹਾ, ‘ਯੋਗ ਸਮਝ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ’ਤੇ ਦੋਵਾਂ ਦੇਸ਼ਾਂ ਨੂੰ ਵਧਾਈਆਂ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।’
ਟਰੰਪ ਵੱਲੋਂ ਇਹ ਐਲਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਗੱਲ ਕਰਨ ਤੋਂ ਬਾਅਦ ਆਇਆ। ਰੂਬੀਓ ਨੇ ਵੀ ‘ਐੱਕਸ’ ’ਤੇ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ, ‘ਪਿਛਲੇ 48 ਘੰਟਿਆਂ ਦੌਰਾਨ ਵੈਂਸ ਅਤੇ ਮੈਂ ਸੀਨੀਅਰ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ, ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ, ਫੌਜ ਮੁਖੀ ਅਸੀਮ ਮੁਨੀਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਅਸੀਮ ਮਲਿਕ ਸ਼ਾਮਲ ਹਨ।’ ਉਸ ਨੇ ਕਿਹਾ ਕਿ ਉਸ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੁਰੰਤ ਜੰਗਬੰਦੀ ਲਈ ਸਹਿਮਤ ਹੁੰਦਿਆਂ ਇੱਕ ਨਿਰਪੱਖ ਸਥਾਨ ’ਤੇ ਮੁੱਦਿਆਂ ਦੇ ਇਕ ਵਿਸ਼ਾਲ ਸਮੂਹ ’ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋ ਗਈਆਂ ਹਨ।’
ਭਾਰਤ ਨੇ ਕਿਹਾ ਪਾਕਿਸਤਾਨ ਦੇ ਡੀ ਜੀ ਐੱਮ ਓ ਵੱਲੋਂ ਭਾਰਤ ਦੇ ਡੀ ਜੀ ਐੱਮ ਓ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ, ਇਸ ਦੌਰਾਨ ਦੋਵੇਂ ਧਿਰਾਂ ਸ਼ਾਮ ਪੰਜ ਵਜੇ ਤੋਂ ਜੰਗਬੰਦੀ ਲਈ ਸਹਿਮਤ ਹੋ ਗਈਆਂ। ਟਕਰਾਅ ਟਾਲਣ ਲਈ ਚੀਨ ਤੇ ਸਾਊਦੀ ਅਰਬ ਵੀ ਕਾਫੀ ਸਰਗਰਮ ਰਹੇ। ਜੀ-7 ਦੇ ਵਿਦੇਸ਼ ਮੰਤਰੀਆਂ ਨੇ ਭਾਰਤ ਤੇ ਪਾਕਿਸਤਾਨ ਨੂੰ ਫੌਰੀ ਤਣਾਅ ਘਟਾਉਣ ਤੇ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਸਿੱਧੀ ਗੱਲਬਾਤ ਦੇ ਰਾਹ ਪੈਣ ਦਾ ਸੱਦਾ ਦਿੱਤਾ ਸੀ।
ਜੀ-7 ਵਿਚ ਸ਼ਾਮਲ ਮੈਂਬਰ ਮੁਲਕਾਂ ਨੇ ਕਿਹਾ, ‘ਅਸੀਂ ਫੌਰੀ ਤਣਾਅ ਘਟਾਉਣ ਦੀ ਮੰਗ ਕਰਦੇ ਹਾਂ ਅਤੇ ਦੋਵਾਂ ਦੇਸ਼ਾਂ ਨੂੰ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਸਿੱਧੇ ਸੰਵਾਦ ਦੇ ਰਾਹ ਪੈਣ ਦਾ ਸੱਦਾ ਦਿੰਦੇ ਹਾਂ। ਅਸੀਂ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਫੌਰੀ ਤੇ ਕੂਟਨੀਤਕ ਹੱਲ ਲਈ ਆਪਣੇ ਵੱਲੋਂ ਹਮਾਇਤ ਦੇਣ ਦੀ ਇੱਛਾ ਜਤਾਉਂਦੇ ਹਾਂ।’
ਬਿਆਨ ਵਿੱਚ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖਤ ਨਿੰਦਾ ਕਰਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਵੱਧ ਤੋਂ ਵੱਧ ਸੰਜਮ ਨਾਲ ਕੰਮ ਲੈਣ ਦੀ ਅਪੀਲ ਕੀਤੀ ਗਈ ਹੈ। ਜੀ-7 ਮੈਂਬਰ ਮੁਲਕਾਂ ਨੇ ਕਿਹਾ, ‘ਫੌਜੀ ਟਕਰਾਅ ਖੇਤਰੀ ਸਥਿਰਤਾ ਲਈ ਗੰਭੀਰ ਖਤਰਾ ਪੈਦਾ ਕਰਦਾ ਹੈ। ਸਾਨੂੰ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਫ਼ਿਕਰ ਹੈ।’ ਜੀ-7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂ ਕੇ ਅਤੇ ਅਮਰੀਕਾ ਤੇ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਖਬਰ ਸੀ ਕਿ ਭਾਰਤ ਭਵਿੱਖ ’ਚ ਹੋਣ ਵਾਲੇ ਅੱਤਵਾਦੀ ਕਾਰੇ/ਹਮਲੇ ਨੂੰ ਦੇਸ਼ ਵਿਰੁੱਧ ‘ਜੰਗ ਦੀ ਕਾਰਵਾਈ’ ਮੰਨੇਗਾ ਅਤੇ ਉਸ ਅਨੁਸਾਰ ਜਵਾਬ ਦੇਵੇਗਾ। ਉੱਚ ਪੱਧਰੀ ਸੂਤਰਾਂ ਮੁਤਾਬਕ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਤਵਾਦੀ ਘਟਨਾਵਾਂ ਵਿਰੁੱਧ ਲਾਲ ਲਕੀਰ ਖਿੱਚਣ ਦੀ ਕੋਸ਼ਿਸ਼ ਹੈ ਅਤੇ ਦੋਸ਼ੀਆਂ/ਸਾਜ਼ਿਸ਼ਕਾਰਾਂ ਨੂੰ ਸਖਤੀ ਨਾਲ ਜਵਾਬ ਦੇਣ ਦੇ ਆਪਣੇ ਇਰਾਦੇ ਨੂੰ ਸਪੱਸ਼ਟ ਕਰਦੀ ਹੈ।
ਇਸ ਨੂੰ ਪਾਕਿਸਤਾਨ ਨੂੰ ਇਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ, ਜੋ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਵੱਖ-ਵੱਖ ਅੱਤਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ। ਇਹ ਫੈਸਲਾ 22 ਅਪਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਟਕਰਾਅ ਦੇ ਵਿਚਕਾਰ ਆਇਆ ਹੈ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਆਪਣੀ ਰਿਹਾਇਸ਼ ’ਤੇ ਉੱਚ ਪੱਧਰੀ ਬੈਠਕ ਵਿੱਚ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੀ ਡਰੋਨ ਘੁਸਪੈਠ ਖਿਲਾਫ ਭਾਰਤ ਦੀ ਜਵਾਬੀ ਕਾਰਵਾਈ ਦਾ ਵੀ ਨੋਟਿਸ ਲਿਆ।
ਪ੍ਰਧਾਨ ਮੰਤਰੀ ਨੇ ਇਹ ਮੀਟਿੰਗ ਅਜਿਹੇ ਮੌਕੇ ਕੀਤੀ, ਜਦੋਂ ਅਮਰੀਕਾ, ਚੀਨ ਤੇ ਸਾਊਦੀ ਅਰਬ ਨੇ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਦਰਮਿਆਨ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ ਅਤੇ ਪਾਕਿਸਤਾਨ ਨੇ ਵੀ ਸਪੱਸ਼ਟ ਕੀਤਾ ਸੀ ਕਿ ਪ੍ਰਮਾਣੂ ਹਥਿਆਰ ਵਰਤਣ ਦਾ ਹਾਲ ਦੀ ਘੜੀ ਉਸ ਦਾ ਕੋਈ ਇਰਾਦਾ ਨਹੀਂ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਜੇ ਭਾਰਤ ਹੋਰ ਹਮਲੇ ਨਹੀਂ ਕਰਦਾ ਤਾਂ ਉਨ੍ਹਾਂ ਦਾ ਮੁਲਕ ਤਣਾਅ ਘਟਾਉਣ ਬਾਰੇ ਵਿਚਾਰ ਕਰ ਸਕਦਾ ਹੈ। ਡਾਰ ਨੇ ਪਾਕਿਸਤਾਨ ਦੇ ਜੀਓ ਨਿਊਜ਼ ਨੂੰ ਦੱਸਿਆ ਕਿ ਜਦੋਂ ਦੋ ਘੰਟੇ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਰੂਬੀਓ ਨੂੰ ਵੀ ਇਹੀ ਸੁਨੇਹਾ ਦਿੱਤਾ ਸੀ।
ਲੜਾਈ ਦੇ ਮੈਦਾਨ ’ਚ ਪਾਕਿਸਤਾਨੀ ਡਰੋਨਾਂ ਵੱਲੋਂ ਸ਼ੁੱਕਰਵਾਰ ਰਾਤ ਪੱਛਮੀ ਫਰੰਟ ਦੇ ਨਾਲ-ਨਾਲ 26 ਥਾਵਾਂ ’ਤੇ ਘੁਸਪੈਠ ਮਗਰੋਂ ਭਾਰਤੀ ਹਥਿਆਰਬੰਦ ਬਲਾਂ ਨੇ ਸਨਿੱਚਰਵਾਰ ਵੱਡੇ ਤੜਕੇ ਪਾਕਿਸਤਾਨ ਦੇ ਕਰੀਬ ਅੱਧੀ ਦਰਜਨ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਹਮਲਿਆਂ ਨਾਲ ਪਾਕਿਸਤਾਨ ਦੀ ਹਵਾਈ ਨਿਗਰਾਨੀ ਅਤੇ ਹਮਲਾ ਪ੍ਰਣਾਲੀ ਪ੍ਰਭਾਵਤ ਹੋਈ ਹੈ।
ਇਸ ਤੋਂ ਪਹਿਲਾਂ ਸਵੇਰੇ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਧਮਾਕੇ ਹਵਾਈ ਫੌਜ ਦੇ ਤਿੰਨ ਟਿਕਾਣਿਆਂ ’ਤੇ ਹੋਏ ਹਨ, ਜਿਨ੍ਹਾਂ ਵਿੱਚ ਰਾਵਲਪਿੰਡੀ ਵਿੱਚ ਨੂਰ ਖਾਨ ਏਅਰ ਬੇਸ ਵੀ ਸ਼ਾਮਲ ਹੈ, ਜੋ ਕਿ ਇਸਲਾਮਾਬਾਦ ਤੋਂ 10 ਕਿੱਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਹੈ ਅਤੇ ਦੇਸ਼ ਦੇ ਫੌਜੀ ਹੈੱਡਕੁਆਰਟਰ ਦੇ ਨਾਲ ਲੱਗਦੀ ਮੁੱਖ ਜਗ੍ਹਾ ਹੈ।
ਕੇਂਦਰ ਸਰਕਾਰ ਨੇ ਵਿਸ਼ੇਸ਼ ਬ੍ਰੀਫਿੰਗ ਦੌਰਾਨ ਕਿਹਾ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਰਾਤ ਨੂੰ ਊਧਮਪੁਰ, ਪਠਾਨਕੋਟ ਤੇ ਬਠਿੰਡਾ ਸਣੇ ਹੋਰਨਾਂ ਹਵਾਈ ਬੇਸਾਂ ਨੂੰ ਨਿਸ਼ਾਨਾ ਬਣਾਇਆ। ਬ੍ਰੀਫਿੰਗ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਥਲ ਸੈਨਾ ਦੀ ਕਰਨਲ ਸੋਫੀਆ ਕੁਰੈਸ਼ੀ ਤੇ ਹਵਾਈ ਸੈਨਾ ਦੀ ਵਿੰਗ ਕਮਾਂਡਰ ਵਿਓਮਿਕਾ ਸਿੰਘ ਮੌਜੂਦ ਸਨ। ਕਰਨਲ ਸੋਫੀਆ ਨੇ ਕਿਹਾ ਕਿ ਪਾਕਿਸਤਾਨ ਨੇ ਡਰੋਨਾਂ ਤੇ ਹੋਰ ਅਤਿ-ਅਧੁਨਿਕ ਹਥਿਆਰਾਂ ਨਾਲ ਭਾਰਤ ਦੇ ਪੱਛਮੀ ਫਰੰਟ ਨੂੰ ਨਿਸ਼ਾਨਾ ਬਣਾਇਆ। ਕੁੱਲ ਮਿਲਾ ਕੇ 26 ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਭਾਰਤ ਨੇ ਤਕਰੀਬਨ ਹਰੇਕ ਹਮਲੇ ਨੂੰ ਨਾਕਾਮ ਕਰ ਦਿੱਤਾ। ਕੁਰੈਸ਼ੀ ਨੇ ਕਿਹਾ, ‘ਪਾਕਿਸਤਾਨ ਨੇ ਸ੍ਰੀਨਗਰ, ਅਵੰਤੀਪੋਰਾ ਤੇ ਊਧਮਪੁਰ ਵਿੱਚ ਸਕੂਲ ਤੇ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ।’
ਕਰਨਲ ਸੋਫੀਆ ਕੁਰੈਸ਼ੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ‘ਭਾਰਤ ਤਣਾਅ ਨਹੀਂ ਚਾਹੁੰਦਾ, ਬਸ਼ਰਤੇ ਪਾਕਿਸਤਾਨ ਵੀ ਇਸੇ ਤਰ੍ਹਾਂ ਵਿਹਾਰ ਕਰੇ। ਉਸ ਨੇ ਕਿਹਾ ਕਿ ਪਾਕਿਸਤਾਨੀ ਕਾਰਵਾਈਆਂ ਦਾ ਢੁਕਵਾਂ ਜਵਾਬ ਦਿੱਤਾ ਗਿਆ ਹੈ।’ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿਰੁੱਧ ਮਿਜ਼ਾਈਲ ਹਮਲਾ ਕੀਤਾ, ਪਰ ਭਾਰਤੀ ਫੌਜ ਨੇ ਹਰ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਪਾਕਿਸਤਾਨੀ ਫੌਜ ਨੇ ਭਾਰਤੀ ਫੌਜੀ ਟਿਕਾਣਿਆਂ ਦੇ ਨਾਲ-ਨਾਲ ਨਾਗਰਿਕ ਖੇਤਰਾਂ ਅਤੇ ਧਾਰਮਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਪਾਕਿਸਤਾਨ ’ਤੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਰਨਲ ਕੁਰੈਸ਼ੀ ਨੇ ਕਿਹਾ, ‘ਪਾਕਿਸਤਾਨ ਨੇ ਸੋਸ਼ਲ ਮੀਡੀਆ ’ਤੇ ਆਦਮਪੁਰ ਵਿੱਚ ਸਥਿਤ ਭਾਰਤੀ ਐੱਸ-400 ਰੱਖਿਆ ਪ੍ਰਣਾਲੀ ਨੂੰ ਤਬਾਹ ਕਰਨ ਵਰਗੇ ਕਈ ਝੂਠੇ ਦਾਅਵੇ ਫੈਲਾਏ ਹਨ, ਜਿਸ ਨੂੰ ਭਾਰਤ ਪੂਰੀ ਤਰ੍ਹਾਂ ਰੱਦ ਕਰਦਾ ਹੈ।’
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਸੰਜੀਦਾ ਢੰਗ ਨਾਲ ਦਿੱਤਾ। ਪਾਕਿਸਤਾਨ ਦੀ ਕਾਰਵਾਈ ਭੜਕਾਊ ਹੈ ਅਤੇ ਤਣਾਅ ਵਧਾਉਂਦੀ ਹੈ।