ਐਲਵਿਸ਼ ਯਾਦਵ ਦੀ ਪਟੀਸ਼ਨ ਖਾਰਜ

0
148

ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਯੂਟਿਊਬਰ ਐਲਵਿਸ਼ ਯਾਦਵ ਦੀ ਉਸ ਪਟੀਸ਼ਨ ਨੂੰ ਸੋਮਵਾਰ ਖਾਰਜ ਕਰ ਦਿੱਤਾ, ਜਿਸ ਵਿੱਚ ਸੱਪ ਦੇ ਜ਼ਹਿਰ ਦੇ ਸੇਵਨ ਦੇ ਮਾਮਲੇ ਵਿੱਚ ਕੀਤੀ ਗਈ ਚਾਰਜਸ਼ੀਟ ਅਤੇ ਅਪਰਾਧਕ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਚਾਰਜਸ਼ੀਟ ਵਿੱਚ ਵਿਦੇਸ਼ੀਆਂ ਤੇ ਹੋਰਨਾਂ ਲੋਕਾਂ ’ਤੇ ਰੇਵ ਪਾਰਟੀਆਂ ਵਿੱਚ ਮਨੋਰੰਜਨ ਵਜੋਂ ਸੱਪ ਦੇ ਜ਼ਹਿਰ ਦਾ ਸੇਵਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਜਸਟਿਸ ਸੌਰਭ ਸ੍ਰੀਵਾਸਤਵ ਨੇ ਚਾਰਜਸ਼ੀਟ ਅਤੇ ਐੱਫ ਆਈ ਆਰ ਵਿਚਲੇ ਬਿਆਨਾਂ ’ਤੇ ਵਿਚਾਰ ਕਰਨ ਤੋਂ ਬਾਅਦ ਯਾਦਵ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਦੋਸ਼ਾਂ ਦੀ ਸੱਚਾਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਯਾਦਵ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨਵੀਨ ਸਿਨਹਾ ਅਤੇ ਐਡਵੋਕੇਟ ਨਿਪੁੰਨ ਸਿੰਘ ਨੇ ਦਲੀਲ ਦਿੱਤੀ ਕਿ ਯਾਦਵ ਵਿਰੁੱਧ ਐੱਫ ਆਈ ਆਰ ਦਰਜ ਕਰਨ ਵਾਲਾ ਵਿਅਕਤੀ ਜੰਗਲੀ ਜੀਵ ਸੁਰੱਖਿਆ ਐਕਟ 1972 ਤਹਿਤ ਇਸ ਨੂੰ ਦਰਜ ਕਰਨ ਲਈ ਅਯੋਗ ਸੀ। ਵਕੀਲ ਨੇ ਕਿਹਾ ਕਿ ਯਾਦਵ ਨੋਇਡਾ ਵਿੱਚ ਕਥਿਤ ਤੌਰ ’ਤੇ ਹੋਈ ਪਾਰਟੀ ਵਿਚ ਨਾ ਤਾਂ ਮੌਜੂਦ ਸੀ ਅਤੇ ਨਾ ਹੀ ਉਸ ਤੋਂ ਕੁਝ ਬਰਾਮਦ ਹੋਇਆ ਸੀ। ਉਸ ਨੂੰ ਪਿਛਲੇ ਸਾਲ ਮਾਰਚ ਵਿਚ ਨੋਇਡਾ ਪੁਲਸ ਨੇ ਇਸ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਸੀ। ਯਾਦਵ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਤੋਂ ਕੋਈ ਸੱਪ, ਨਸ਼ੀਲੇ ਪਦਾਰਥ ਜਾਂ ਮਨੋਵਿਗਿਆਨਕ ਪਦਾਰਥ ਬਰਾਮਦ ਨਹੀਂ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਪੁਲਸ ਨੇ ਰੇਵ ਪਾਰਟੀਆਂ ’ਚ ਸੱਪ ਦਾ ਜ਼ਹਿਰ ਵਰਤਣ ਦੇ ਦੋਸ਼ ਹੇਠ ਓ ਟੀ ਟੀ ’ਤੇ ਬਿੱਗ ਬੌਸ ਸ਼ੋਅ ਦੇ ਜੇਤੂ ਐਲਵਿਸ਼ ਯਾਦਵ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਮਾਮਲੇ ’ਚ ਪੁਲਸ ਨੇ ਪੰਜ ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ। ਦੂਜੇ ਪਾਸੇ ਯਾਦਵ ਨੇ ਦੋਸ਼ਾਂ ਨੂੰ ਨਕਾਰਿਆ ਸੀ। ਇਸ ਤੋਂ ਪਹਿਲਾਂ ਪੀਪਲ ਫਾਰ ਐਨੀਮਲਜ਼ (ਪੀ ਐੱਫ ਏ) ਨੇ ਸੈਕਟਰ 51 ’ਚ ਚੱਲ ਰਹੀ ਪਾਰਟੀ ’ਤੇ ਨਜ਼ਰ ਰੱਖੀ ਹੋਈ ਸੀ। ਗਿ੍ਰਫਤਾਰ ਕੀਤੇ ਗਏ ਵਿਅਕਤੀ ਕੋਬਰਿਆਂ ਸਣੇ 9 ਸੱਪ ਲੈ ਕੇ ਇਸ ਪਾਰਟੀ ’ਚ ਪੁੱਜੇ ਸਨ। ਪੁਲਸ ਨੇ 20 ਮਿਲੀਲਿਟਰ ਜ਼ਹਿਰ ਵੀ ਬਰਾਮਦ ਕੀਤਾ ਸੀ। ਪੀ ਐੱਫ ਏ ਦੇ ਗੌਰਵ ਗੁਪਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਸੀ। ਯਾਦਵ ਨੇ ਗੈਰਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਕੀਤੀਆਂ ਤੇ ਉਸ ਨੇ ਨੋਇਡਾ ਅਤੇ ਐੱਨ ਸੀ ਆਰ ਦੇ ਹੋਰ ਹਿੱਸਿਆਂ ’ਚ ਸੱਪਾਂ ਤੇ ਉਨ੍ਹਾਂ ਦੇ ਜ਼ਹਿਰ ਨਾਲ ਵੀਡੀਓ ਵੀ ਬਣਾਏ। ਡਵੀਜ਼ਨਲ ਜੰਗਲਾਤ ਅਧਿਕਾਰੀ ਪ੍ਰਮੋਦ ਕੁਮਾਰ ਸ੍ਰੀਵਾਸਤਵ ਨੇ ਕਿਹਾ ਸੀ ਕਿ ਕਾਰਵਾਈ ਦੌਰਾਨ ਪੰਜ ਕੋਬਰੇ, ਦੋ ਸੈਂਡ ਬੋਆ, ਇੱਕ ਅਜਗਰ ਅਤੇ ਇੱਕ ਰੈਟ ਸਨੇਕ ਨੂੰ ਬਚਾਇਆ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਐਲਵਿਸ਼ ਹੋਰ ਵੀ ਕਈ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ।