ਵੈਗਨਆਰ, ਆਲਟੋ ਕੇ-10, ਸਲੈਰੀਓ ਤੇ ਈਕੋ ਮਾਡਲਾਂ ’ਚ ਛੇ ਏਅਰਬੈਗ ਮਿਲਣਗੇ

0
135

ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਕਿਹਾ ਕਿ ਉਹ ਵੈਗਨਆਰ, ਆਲਟੋ ਕੇ-10, ਸਲੈਰੀਓ ਅਤੇ ਈਕੋ ਵਰਗੇ ਮਾਡਲਾਂ ਵਿੱਚ ਸਟੈਂਡਰਡ ਉਪਕਰਣ ਵਜੋਂ ਛੇ ਏਅਰਬੈਗ ਦੇਵੇਗੀ, ਜਿਸ ਨਾਲ ਮਾਰੂਤੀ ਦੀਆਂ ਬੇਸਿਕ ਕਾਰਾਂ ਵਿੱਚ ਵੀ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਮਿਲੇਗੀ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਕਿ ਇਹ ਕਦਮ ਵਿਭਿੰਨ ਹਿੱਸਿਆਂ ਵਿੱਚ ਗਾਹਕਾਂ ਲਈ ਬਿਹਤਰ ਸੁਰੱਖਿਆ ਦੀ ਪੇਸ਼ਕਸ਼ ਕਰਨ ਲਈ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਕਿਹਾ, ‘ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਆਧੁਨਿਕ ਸੜਕੀ ਢਾਂਚੇ, ਹਾਈ-ਸਪੀਡ ਐੱਕਸਪ੍ਰੈੱਸਵੇਅ ਅਤੇ ਵਿਕਸਤ ਹੋ ਰਹੇ ਗਤੀਸ਼ੀਲਤਾ ਪੈਟਰਨਾਂ ਨੂੰ ਮੁੱਖ ਰੱਖਦਿਆਂ ਯਾਤਰੀਆਂ ਦੀ ਸੁਰੱਖਿਆ ਮੁੱਖ ਤਰਜੀਹ ਬਣ ਗਈ ਹੈ। ਵੈਗਨਆਰ, ਆਲਟੋ ਕੇ-10, ਸਲੈਰੀਓ ਅਤੇ ਈਕੋ ਵਿੱਚ ਛੇ ਏਅਰਬੈਗ ਸਟੈਂਡਰਡ ਬਣਾਉਣ ਦੇ ਫੈਸਲੇ ਦੇ ਨਾਲ ਕੰਪਨੀ ਇਹ ਯਕੀਨੀ ਬਣਾ ਰਹੀ ਹੈ ਕਿ ਸੁਰੱਖਿਆ ਦੇ ਵਧੇ ਹੋਏ ਮਾਪਦੰਡ ਸਾਰਿਆਂ ਲਈ ਉਪਲੱਬਧ ਹਨ।
ਬੈਨਰਜੀ ਨੇ ਕਿਹਾ ਕਿ ਆਮ ਲੋਕ ਇਨ੍ਹਾਂ ਮਾਡਲਾਂ ਨੂੰ ਖਰੀਦਣ ਲਈ ਵੱਧ ਤਰਜੀਹ ਦੇ ਰਹੇ ਹਨ, ਜਿਸ ਕਰ ਕੇ ਕੰਪਨੀ ਲਈ ਵੀ ਜ਼ਰੂਰੀ ਹੋ ਗਿਆ ਹੈ ਕਿ ਉਹ ਸੁਰੱਖਿਆ ਮਿਆਰਾਂ ਨੂੰ ਉਚਾ ਚੁੱਕਣ। ਜ਼ਿਕਰਯੋਗ ਹੈ ਕਿ ਕੰਪਨੀ ਆਪਣੇ ਏਰੀਨਾ ਸੇਲਜ਼ ਨੈੱਟਵਰਕ ਰਾਹੀਂ ਵੈਗਨਆਰ, ਆਲਟੋ ਕੇ-10, ਸਲੈਰੀਓ ਅਤੇ ਈਕੋ ਵਰਗੇ ਮਾਡਲ ਵੇਚਦੀ ਹੈ। ਦੂਜੇ ਪਾਸੇ ਨੈਕਸਾ ਆਊਟਲੈਟਸ ਰਾਹੀਂ ਗਰੈਂਡ ਵਿਟਾਰਾ ਅਤੇ ਇਨਵਿਕਟੋ ਵਰਗੇ ਪ੍ਰੀਮੀਅਮ ਮਾਡਲ ਵੇਚੇ ਜਾ ਰਹੇ ਹਨ।