ਤਲਵੰਡੀ ਸਾਬੋ (ਜਗਦੀਪ ਗਿੱਲ)-ਇੱਥੋਂ ਤਿੰਨ ਕਿੱਲੋਮੀਟਰ ਦੂਰ ਪਿੰਡ ਗੁਰੂਸਰ ’ਚ ਜ਼ਮੀਨੀ ਵਿਵਾਦ ਦੇ ਚੱਲਦਿਆਂ 10 ਮਈ ਨੂੰ ਕਥਿਤ ਤੌਰ ’ਤੇ ਪੁੱਤ ਅਮਨਿੰਦਰ ਸਿੰਘ ਹੱਥੋਂ ਜ਼ਖਮੀ ਹੋਏ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਮ ਤੋੜ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਜ਼ਮੀਨ ਨੂੰ ਲੈ ਕੇ ਪਿਓ-ਪੁੱਤਰ ਦਾ ਝਗੜਾ ਹੋਇਆ ਸੀ ਅਤੇ ਪੁੱਤ ਨੇ ਸਾਥੀਆਂ ਨਾਲ ਮਿਲ ਕੇ ਪਿਓ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਨੇ ਪਹਿਲਾਂ ਪਤਨੀ ਸੁਖਵਿੰਦਰ ਕੌਰ ਦੇ ਬਿਆਨ ’ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ ਤੇ ਹੁਣ ਕਤਲ ਦੀ ਧਾਰਾ ਜੋੜ ਕੇ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਦਵਿੰਦਰ ਸਿੰਘ ਉੱਘਾ ਸਮਾਜ ਸੇਵਕ ਸੀ ਤੇ ਉਸ ਨੇ ਕਿਸਾਨ ਜਥੇਬੰਦੀਆਂ ਵੱਲੋਂ 2022 ਦੀਆਂ ਅਸੈਂਬਲੀ ਚੋਣ ਵੀ ਲੜੀ ਸੀ।




