ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਦੇ ਹਵਾਈ ਬੇਸ ਦੀ ਫੇਰੀ ਦੌਰਾਨ ਮੰਗਲਵਾਰ ਕਿਹਾ ਕਿ ‘ਭਾਰਤ ਮਾਤਾ ਕੀ ਜੈ’ ਸਿਰਫ ਇੱਕ ਨਾਅਰਾ ਨਹੀਂ, ਸਗੋਂ ਸਾਡੇ ਸੈਨਿਕਾਂ ਦਾ ਰਾਸ਼ਟਰ ਲਈ ਆਪਣੀਆਂ ਜਾਨਾਂ ਸਮਰਪਤ ਕਰਨ ਦਾ ਪ੍ਰਣ ਹੈ। ਏਅਰਬੇਸ ’ਤੇ ਮੌਜੂਦ ਭਾਰਤੀ ਹਵਾਈ ਸੈਨਾ ਦੇ ਅਮਲੇ ਤੇ ਬਹਾਦਰ ਫੌਜੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਕਿਹਾ ਕਿ ਜਦੋਂ ਸਾਡੇ ਡਰੋਨ, ਮਿਜ਼ਾਈਲਾਂ ਸਾਡੇ ਦੁਸ਼ਮਣਾਂ ਨੂੰ ਮਾਰਦੀਆਂ ਹਨ, ਤਾਂ ਉਹ ‘ਭਾਰਤ ਮਾਤਾ ਕੀ ਜੈ’ ਸੁਣਦੇ ਹਨ, ਜਦੋਂ ਸਾਡੀਆਂ ਹਥਿਆਰਬੰਦ ਫੌਜਾਂ ਪ੍ਰਮਾਣੂ ਬਲੈਕਮੇਲ ਤੋਂ ਬਾਹਰ ਨਿਕਲਦੀਆਂ ਹਨ, ਤਾਂ ਸਾਡੇ ਦੁਸ਼ਮਣ ‘ਭਾਰਤ ਮਾਤਾ ਕੀ ਜੈ’ ਦੀ ਅਹਿਮੀਅਤ ਨੂੰ ਸਮਝਦੇ ਹਨ। ਮੋਦੀ ਨੇ ਕਿਹਾ, ‘ਮੈਂ ਤੁਹਾਡੀ ਬਹਾਦਰੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਆਇਆ ਹਾਂ। ਤੁਹਾਡੀ ਬਹਾਦਰੀ ਦੀਆਂ ਕਹਾਣੀਆਂ ਇਤਿਹਾਸ ਵਿੱਚ ਹਮੇਸ਼ਾ ਲਈ ਉੱਕਰੀਆਂ ਰਹਿਣਗੀਆਂ, ਮੈਂ ਸਾਡੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਕਰਮਚਾਰੀਆਂ ਨੂੰ ਸਲਾਮ ਕਰਦਾ ਹਾਂ। ਤੁਹਾਡੀ ਹਿੰਮਤ ਕਰਕੇ ਅਪ੍ਰੇਸ਼ਨ ਸਿੰਧੂਰ ਦੀ ਸਫਲਤਾ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦੇ ਰਹੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਗੌਤਮ ਬੁੱਧ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ, ਸਾਡੇ ਦੁਸ਼ਮਣ ਭੁੱਲ ਗਏ ਹਨ ਕਿ ਉਨ੍ਹਾਂ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੂੰ ਚੁਣੌਤੀ ਦਿੱਤੀ ਹੈ।’ ਉਨ੍ਹਾ ਕਿਹਾ ਕਿ ਅੱਤਵਾਦ ਦੇ ਗੌਡਫਾਦਰਾਂ ਨੇ ਸਮਝ ਲਿਆ ਹੈ ਕਿ ਭਾਰਤ ’ਤੇ ਬੁਰੀ ਨਜ਼ਰ ਪਾਉਣ ਦਾ ਮਤਲਬ ਸਿਰਫ ਉਨ੍ਹਾਂ ਦਾ ਵਿਨਾਸ਼ ਹੋਵੇਗਾ। ਮੋਦੀ ਨੇ ਕਿਹਾ, ‘ਸਾਡੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨੀ ਫੌਜ ਨੂੰ ਗੋਡਿਆਂ ’ਤੇ ਆਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਈ।’
ਪ੍ਰਧਾਨ ਮੰਤਰੀ ਨੇ ਕਿਹਾ, ‘ਪਾਕਿਸਤਾਨ ਨੂੰ ਸਾਡੇ ਡਰੋਨ ਅਤੇ ਮਿਜ਼ਾਈਲਾਂ ਬਾਰੇ ਸੋਚ ਕੇ ਲੰਮੇ ਸਮੇਂ ਤੱਕ ਨੀਂਦ ਨਹੀਂ ਆਏਗੀ। ਤੁਸੀਂ ਅਪ੍ਰੇਸ਼ਨ ਸਿੰਧੂਰ ਰਾਹੀਂ ਭਾਰਤ ਦੇ ਆਤਮ ਵਿਸ਼ਵਾਸ ਅਤੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਨੂੰ ਵਧਾਇਆ ਹੈ।’ ਮੋਦੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅੰਦਰਲੇ ਦਹਿਸ਼ਤੀ ਟਿਕਾਣਿਆਂ ਨੂੰ ਜਿਸ ਤੇਜ਼ੀ ਤੇ ਸਟੀਕਤਾ ਨਾਲ ਨਿਸ਼ਾਨਾ ਬਣਾਇਆ, ਉਸ ਨਾਲ ਦੁਸ਼ਮਣ ਹੈਰਾਨ ਰਹਿ ਗਿਆ।