ਜ਼ਹਿਰੀਲੀ ਸ਼ਰਾਬ ਨਾਲ 21 ਮਜ਼ਦੂਰਾਂ ਦੀ ਮੌਤ

0
36

ਅੰਮਿ੍ਰਤਸਰ/ਚੇਤਨਪੁਰਾ
(ਨਰਿੰਦਰਜੀਤ ਸਿੰਘ/ਸੁਖਵੰਤ ਸਿੰਘ ਚੇਤਨਪੁਰਾ)
ਅੰਮਿ੍ਰਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਅਧੀਨ ਆਉਂਦੇ ਪੰਜ ਪਿੰਡਾਂ ਵਿੱਚ ਸੋਮਵਾਰ ਸ਼ਾਮ ਜ਼ਹਿਰੀਲੀ ਸ਼ਰਾਬ ਪੀਣ ਕਰਕੇ 21 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਦੀ ਹਾਲਤ ਗੰਭੀਰ ਬਣੀ ਹੋਈ ਸੀ। ਮਰਨ ਵਾਲਿਆਂ ਵਿੱਚੋਂ ਬਹੁਤੇ ਦਿਹਾੜੀਦਾਰ ਤੇ ਭੱਠਾ ਮਜ਼ਦੂਰ ਸਨ। ਮਜੀਠਾ ਦੁਖਾਂਤ ਇਸ ਖੇਤਰ ਵਿੱਚ ਵਾਪਰੇ ਅਜਿਹੇ ਦੁਖਾਂਤਾਂ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਸਾਲ 2020 ਵਿੱਚ ਅੰਮਿ੍ਰਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ (ਨਕਲੀ) ਸ਼ਰਾਬ ਪੀਣ ਤੋਂ ਬਾਅਦ 120 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਸੰਗਰੂਰ ਵਿੱਚ 24 ਅਜਿਹੀਆਂ ਮੌਤਾਂ ਹੋਈਆਂ ਸਨ।
ਪਿੰਡ ਭੰਗਾਲੀ, ਥਰੀਏਵਾਲ, ਮਰੜ੍ਹੀ ਕਲਾਂ, ਤਲਵੰਡੀ ਖੁੰਮਣ, ਪਤਾਲਪੁਰੀ ਆਦਿ ਪਿੰਡਾਂ ਦੇ ਲੋਕਾਂ ਨੇ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਕੁਝ ਵਿਅਕਤੀਆਂ ਵੱਲੋਂ ਸਪਲਾਈ ਕੀਤੀ ਗਈ ਸ਼ਰਾਬ ਪੀਤੀ ਅਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ। ਇਨ੍ਹਾਂ ਵਿੱਚੋਂ ਕੁਝ ਦੀ ਮਗਰੋਂ ਮੌਤ ਹੋ ਗਈ, ਜਦੋਂਕਿ ਬਾਕੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਕਾਂਗਰਸ ਸਰਕਾਰ ਸਮੇਂ ਵੀ ਇਸ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਵਕਤ ਇਹ ਮੁੱਦਾ ਬਹੁਤ ਗਰਮਾਇਆ ਸੀ। ਇਹ ਜ਼ਹਿਰੀਲੀ ਸ਼ਰਾਬ ਪਹਿਲਾਂ ਵੀ ਦਰਜਨਾਂ ਘਰਾਂ ਦੇ ਚਿਰਾਗ ਬੁਝਾ ਚੁੱਕੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸਾਕਸ਼ੀ ਸਾਹਨੀ ਅਤੇ ਐੱਸ ਐੱਸ ਪੀ ਅੰਮਿ੍ਰਤਸਰ ਦਿਹਾਤੀ ਮਨਿੰਦਰ ਸਿੰਘ, ਸਿਵਲ ਸਰਜਨ ਕਿਰਨਦੀਪ ਕੌਰ ਸਮੇਤ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਇਸ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਨ੍ਹਾ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ’ਚ ਭੇਜਿਆ ਸੀ। ਇਨ੍ਹਾਂ ਟੀਮਾਂ ਨੇ ਲੋਕਾਂ ਨੂੰ ਪ੍ਰੇਰਤ ਕੀਤਾ ਤੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਹਾਲਤ ਬਿਹਤਰ ਹੈ।
ਮਰਨ ਵਾਲਿਆਂ ਵਿੱਚੋਂ ਕੁਝ ਦੀ ਸ਼ਨਾਖਤ ਮੇਜਰ ਸਿੰਘ ਉਰਫ ਮੋਦੀ, ਪਰਮਜੀਤ ਸਿੰਘ ਉਰਫ ਪੰਮਾ, ਸਰਬਜੀਤ ਸਿੰਘ ਉਰਫ ਸ਼ੱਬਾ, ਤਸਵੀਰ ਸਿੰਘ ਉਰਫ ਸਿਕੰਦਰ ਸਾਰੇ ਵਾਸੀ ਪਿੰਡ ਮਰੜ੍ਹੀ ਕਲਾਂ, ਜੋਗਿੰਦਰ ਸਿੰਘ ਉਰਫ ਮੰਨਾ, ਕਰਨੈਲ ਸਿੰਘ ਉਰਫ ਮਹੰਤ, ਜੀਤਾ ਉਰਫ ਸੀਤੀ ਵਾਸੀ ਪਿੰਡ ਥਰੀਏਵਾਲ, ਬਲਬੀਰ ਸਿੰਘ, ਰਮਨਦੀਪ ਸਿੰਘ, ਰੋਮਨਜੀਤ ਸਿੰਘ ਉਰਫ ਰੋਮੀ ਸਾਰੇ ਵਾਸੀ ਪਿੰਡ ਭੰਗਾਲੀ ਕਲਾਂ ਵਜੋਂ ਹੋਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਮਜੀਠਾ ਹਲਕੇ ਦੇ ਪਿੰਡ ਮਰੜ੍ਹੀ ਪੁੱਜ ਕੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਪਏ ਲੋਕਾਂ ਦੇ ਪਰਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਵਿੱਚ ਹੋਈਆਂ ਮੌਤਾਂ, ਸਧਾਰਨ ਮੌਤ ਤਾਂ ਨਹੀਂ, ਸਗੋਂ ਕਤਲ ਹੈ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਹਰ ਮਿ੍ਰਤਕ ਵਿਅਕਤੀ ਦੇ ਪਰਵਾਰ ਨੂੰ 10 ਲੱਖ ਰੁਪਏ ਦੀ ਮਾਇਕ ਮਦਦ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।
ਉਨ੍ਹਾ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ 600 ਲਿਟਰ ਮੈਥੇਨੋਲ ਦਿੱਲੀ ਤੋਂ ਆਰਡਰ ਕਰਕੇ ਮੰਗਵਾਇਆ ਗਿਆ ਸੀ, ਜਿਸ ਨੂੰ ਅੱਗੇ ਕਿਸੇ ਹੋਰ ਚੀਜ਼ ਵਿੱਚ ਮਿਲਾ ਕੇ ਇਸ ਨੂੰ ਥੈਲੀਆਂ ਵਿੱਚ ਭਰ ਕੇ ਵੇਚਿਆ ਜਾਂਦਾ ਹੈ।
ਉਨ੍ਹਾ ਦੱਸਿਆ ਕਿ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਵੀ ਅਜਿਹੀਆਂ ਮੌਤਾਂ ਹੁੰਦੀਆਂ ਸਨ, ਪਰ ਇੱਕ ਅੱਧ ਮੌਤ ਦੇ ਕਾਰਨ ਇਸ ਦਾ ਪਤਾ ਨਹੀਂ ਲੱਗਦਾ ਸੀ। ਹੁਣ ਜਦੋਂ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ ਤਾਂ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਹਿਲਾਂ ਨਜ਼ਰ ਗਈ ਅਤੇ ਮੂੰਹ ਵਿੱਚੋਂ ਝੱਗ ਆਉਣ ਲੱਗ ਪਈ ਤੇ ਬਾਅਦ ਵਿੱਚ ਮੌਤ ਹੋ ਗਈ।
ਪੰਜਾਬ ਪੁਲਸ ਨੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਦੇ ਸਰਗਣੇ ਸਮੇਤ ਕਈ ਸਥਾਨਕ ਵਿਤਰਕਾਂ ਅਤੇ ਉਦਯੋਗਿਕ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਘਾਤਕ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਨੂੰ ਗਿ੍ਰਫਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਸ ਰੈਕੇਟ ਦੇ ਗਿ੍ਰਫ਼ਤਾਰ ਸਰਗਨਾ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ, ਜਦੋਂ ਕਿ ਮੀਥੇਨੌਲ ਦੇ ਮੁੱਖ ਸਪਲਾਇਰਾਂ ਦੀ ਪਛਾਣ ਲੁਧਿਆਣਾ ਦੇ ਸੁੱਖ ਐਨਕਲੇਵ ਵਿਖੇ ਸਾਹਿਲ ਕੈਮੀਕਲਜ਼ ਦੇ ਮਾਲਕ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਸ ਨੇ ਸਥਾਨਕ ਵਿਤਰਕਾਂ, ਜਿਨ੍ਹਾਂ ਦੀ ਪਛਾਣ ਪ੍ਰਭਜੀਤ ਸਿੰਘ ਅਤੇ ਕੁਲਬੀਰ ਸਿੰਘ ਵਜੋਂ ਹੋਈ ਹੈ ਅਤੇ ਸਥਾਨਕ ਵਿਕਰੇਤਾਵਾਂ, ਜਿਨ੍ਹਾਂ ਦੀ ਪਛਾਣ ਨਿੰਦਰ ਕੌਰ, ਸਾਹਿਬ ਸਿੰਘ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ ਅਤੇ ਸਿਕੰਦਰ ਸਿੰਘ ਉਰਫ਼ ਪੱਪੂ ਵਜੋਂ ਹੋਈ ਹੈ, ਨੂੰ ਵੀ ਗਿ੍ਰਫ਼ਤਾਰ ਕੀਤਾ ਹੈ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਗਨਾ ਸਾਹਿਬ ਸਿੰਘ ਵੱਲੋਂ ਆਨਲਾਈਨ ਖਰੀਦੇ ਗਏ ਮੀਥੇਨੌਲ ਕੈਮੀਕਲ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾ ਰਹੀ ਸੀ। ਉਨ੍ਹਾ ਕਿਹਾ ਕਿ ਇਸ ਮਾਮਲੇ ਦਾ ਮੁਕੰਮਲ ਤੌਰ ’ਤੇ ਪਰਦਾਫਾਸ਼ ਕਰਨ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਜਾਂਚ ਜਾਰੀ ਹੈ।ਡੀ ਜੀ ਪੀ ਨੇ ਦੱਸਿਆ ਕਿ ਡੀ ਐੱਸ ਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐੱਸ ਐੱਚ ਓ ਥਾਣਾ ਮਜੀਠਾ ਐੱਸ ਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾ ਅੱਗੇ ਕਿਹਾ ਕਿ ਦੋਸ਼ੀਆਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਡੀ ਜੀ ਪੀ ਨੇ ਕਿਹਾ, ‘ਅਸੀਂ ਸਾਰੇ ਦੁੱਖ ਦੇ ਸਮੇਂ ਇੱਕਜੁੱਟ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਦਿ੍ਰੜ੍ਹ ਹਾਂ ਕਿ ਨਿਆਂ ਦਿੱਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਦੁਖਾਂਤਾਂ ਨੂੰ ਰੋਕਿਆ ਜਾਵੇ।’
ਐੱਸ ਐੱਸ ਪੀ ਅੰਮਿ੍ਰਤਸਰ ਦਿਹਾਤੀ ਮਨਿੰਦਰ ਸਿੰਘ ਨੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸਥਾਨਕ ਵਿਤਰਕ ਪ੍ਰਭਜੀਤ ਸਿੰਘ ਨੇ ਸਰਗਣਾ ਸਾਹਿਬ ਸਿੰਘ ਤੋਂ 50 ਲੀਟਰ ਦੀ ਕੈਨੀ ਵਿੱਚ ਭਰਿਆ ਮੀਥੇਨੌਲ ਕੈਮੀਕਲ ਪ੍ਰਾਪਤ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸ਼ੀ ਸਾਹਿਬ ਨੇ ਖੁਲਾਸਾ ਕੀਤਾ ਕਿ ਉਸ ਨੇ ਆਨਲਾਈਨ ਪਲੇਟਫਾਰਮ ਰਾਹੀਂ ਲੁਧਿਆਣਾ ਸਥਿਤ ਕੈਮੀਕਲ ਫਰਮ, ਸਾਹਿਲ ਕੈਮੀਕਲਜ਼ ਤੋਂ ਮੀਥੇਨੌਲ ਆਰਡਰ ਕੀਤਾ ਸੀ।ਐੱਸ ਐੱਸ ਪੀ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਰਗਨਾ ਸਾਹਿਬ ਸਿੰਘ ਵੱਲੋਂ ਦਿੱਲੀ ਸਥਿਤ ਫਰਮ ਤੋਂ ਆਰਡਰ ਕੀਤੀ ਗਈ ਮੀਥੇਨੌਲ ਦੀ ਇੱਕ ਹੋਰ ਖੇਪ ਰਸਤੇ ਵਿੱਚ ਹੈ।
ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਪੁਲਸ ਟੀਮਾਂ ਨੂੰ ਖੇਪ ਪਹੁੰਚਣ ’ਤੇ ਇਸ ਨੂੰ ਪ੍ਰਾਪਤ ਕਰਨ ਅਤੇ ਜ਼ਬਤ ਕਰਨ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੈਕੇਟ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।