ਚੰਡੀਗੜ੍ਹ : ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੇ ਪੂਰਨ ਰੂਪ ਅਖਤਿਆਰ ਕਰਨ ਤੋਂ ਪਹਿਲਾਂ ਹੋਈ ਜੰਗਬੰਦੀ ਕਾਰਨ ਦੇਸ਼ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ ਸੀ ਪੀ ਆਈ ਨੇ ਕਿਹਾ ਹੈ ਕਿ ਦੋ ਨਿਊਕਲੀਆਈ ਦੇਸ਼ਾਂ ਵਿਚ ਜੰਗ ਪੂਰਨ ਤੌਰ ’ਤੇ ਤਬਾਹੀ ਦਾ ਕਾਰਨ ਬਣ ਸਕਦੀ ਹੈ।
ਸੀ ਪੀ ਆਈ ਨੇ ਭਾਰਤ ਦੀ ਘੱਟ-ਗਿਣਤੀ ਮੁਸਲਿਮ ਭਾਈਚਾਰੇ ਦੀ ਰੱਜ ਕੇ ਸ਼ਲਾਘਾ ਕੀਤੀ ਹੈ, ਜਿਸ ਨੇ ਸਮੁੱਚੇ ਰੂਪ ਵਿਚ ਔਖੀ ਘੜੀ ਵਿਚ ਮੂਹਰਲੀਆਂ ਕਤਾਰਾਂ ਵਿਚ ਹੋ ਕੇ ਭਾਰਤੀ ਫੌਜ ਦੇ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਵਿਰੁੱਧ ਚੁੱਕੇ ਹਰ ਕਦਮ ਦੀ ਭਰਪੂਰ ਹਮਾਇਤ ਕੀਤੀ ਹੈ। ਵਿਸ਼ੇਸ਼ ਤੌਰ ’ਤੇ ਪਹਿਲਗਾਮ ਵਿਚ 26 ਨਿਰਦੋਸ਼ ਵਿਅਕਤੀਆਂ ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਕਤਲਾਂ ਦੇ ਵਿਰੁੱਧ ਜੰਮੂ-ਕਸ਼ਮੀਰ ਦੀ ਸਮੁੱਚੀ ਜਨਤਾ ਅਤੇ ਸਰਕਾਰ ਨੇ ਮੁਕੰਮਲ ਬੰਦ ਕਰਕੇ ਅੱਤਵਾਦ ਅਤੇ ਪਾਕਿਸਤਾਨ ਵਿਰੁੱਧ ਜ਼ੋਰਦਾਰ ਰੋਸ ਪ੍ਰਗਟ ਕੀਤਾ। ਦੂਜੇ ਪਾਸੇ ਸੱਤਾ ਵਿਚ ਬੈਠੇ ਅਨੇਕਾਂ ਲੀਡਰਾਂ ਨੇ ਅਜਿਹੇ ਔਖੇ ਸਮੇਂ ਵੀ ਆਪਣੀ ਫਿਰਕੂ ਜ਼ਹਿਰ ਘੋਲਣੀ ਨਹੀਂ ਛੱਡੀ ਅਤੇ ਆਪਣੀ ਧਰੁਵੀਕਰਣ ਦੀ ਨੀਤੀ ਨੂੰ ਜਾਰੀ ਰੱਖਿਆ। ਸੀ ਪੀ ਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਸੀ ਪੀ ਆਈ ਭਾਰਤ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕਰਦੀ ਹੈ ਕਿ ਪਹਿਲਗਾਮ ਦੀ ਘਟਨਾ ਵਿਚ ਵੀ ਪੁਲਵਾਮਾ ਦੀ ਤਰਜ਼ ’ਤੇ ਹੀ ਇਹ ਖੁਫੀਆ ਏਜੰਸੀਆਂ ਦੀ ਅਸਫਲਤਾ ਸੀ ਜਾਂ ਫਿਰ ਭਾਰਤ ਸਰਕਾਰ ਜ਼ਿੰਮੇਵਾਰ ਹੈ। ਹੁਣ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਜੰਮੂ-ਕਸ਼ਮੀਰ ਵਿਚ ਦੋ ਕੁ ਦਿਨ ਪਹਿਲਾਂ ਖੁਫੀਆ ਏਜੰਸੀਆਂ ਦੀ ਚੇਤਾਵਨੀ ਉਪਰੰਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣਾ ਦੌਰਾ ਮੁਅੱਤਲ ਕਰ ਦਿੱਤਾ ਸੀ, ਪਰ ਆਮ ਭੋਲੇ-ਭਾਲੇ ਟੂਰਿਸਟਾਂ ਦੀ ਸੁਰੱਖਿਆ ਲਈ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ।
ਉਨ੍ਹਾ ਕਿਹਾ ਕਿ ਮੋਦੀ ਸਰਕਾਰ ਪੁਲਵਾਮਾ ਵਾਂਗ ਪਹਿਲਗਾਮ ਅਤੇ ਅਨੇਕਾਂ ਥਾਵਾਂ ’ਤੇ ਅੱਤਵਾਦੀ ਘਟਨਾਵਾਂ ਨੂੰ ਰੋਕਣ ਵਿਚ ਅਸਮਰੱਥ ਰਹੀ ਹੈ। ਉਨ੍ਹਾ ਇਹ ਵੀ ਕਿਹਾ ਕਿ ਤੀਜੇ ਦੇਸ਼ ਅਮਰੀਕਾ ਦੇ ਦਬਾਅ ਹੇਠਾਂ ਸਮਝੌਤਾ ਕਰਨ ਦੇ ਕੀ ਅਰਥ ਹਨ ਤੇ ਪਹਿਲਗਾਮ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਕਾਤਲ ਕਦੋਂ ਫੜੇ ਜਾਣਗੇ ਜਾਂ ਪੁਲਵਾਮਾ ਦੇ ਅੱਤਵਾਦੀ ਕਾਤਲ ਜਿਹੜੇ ਅਜੇ ਤੱਕ ਫੜੇ ਨਹੀਂ ਗਏ, ਵਾਂਗ ਇਹ ਵੀ ਆਜ਼ਾਦ ਰਹਿਣਗੇ। ਉਨ੍ਹਾ ਅੱਗੇ ਕਿਹਾ ਕਿ ਸ਼ਹੀਦਾਂ ਦੇ ਪਰਵਾਰਾਂ ਨੂੰ ਲੋੜੀਂਦੀ ਆਰਥਿਕ ਸਹਾਇਤਾ ਅਤੇ ਨੌਕਰੀਆਂ ਦਾ ਪ੍ਰਬੰਧ ਫੌਰਨ ਹੋਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਆਰਥਿਕ ਸੰਕਟ ਵਿਚ ਡੁੱਬੇ ਅਤੇ ਸਾਲ ਦੇ ਅੰਤ ਤੱਕ ਪੌਣੇ ਚਾਰ ਲੱਖ ਕਰੋੜ ਦੇ ਕਰਜ਼ੇ ਦੇ ਭਾਰ ਹੇਠਾਂ ਦਰੜੇ ਜਾ ਰਹੇ ਪੰਜਾਬ ਨੂੰ ਦੂਜੇ ਪ੍ਰਦੇਸਾਂ ਵਾਂਗ ਵਿਸ਼ੇਸ਼ ਪੈਕੇਜ ਨਾਲ ਨਿਵਾਜਣਾ ਚਾਹੀਦਾ ਹੈ। ਉਨ੍ਹਾ ਬਾਰਡਰ ਸਥਿਤ ਲੋਕਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੀ ਅਪੀਲ ਕੀਤੀ ਹੈ, ਜਿਹੜੇ ਹਰ ਵਕਤ ਅਨੇਕਾਂ ਮੁਸ਼ਕਲਾਂ ਦਾ ਮੁਕਾਬਲਾ ਕਰਦੇ ਰਹਿੰਦੇ ਹਨ।
ਉਨ੍ਹਾ ਪੰਜਾਬ ਅਤੇ ਦੇਸ਼ ਦੀਆਂ ਅਮਨ ਅਤੇ ਜਮਹੂਰੀਅਤ ਪਸੰਦ ਸ਼ਕਤੀਆਂ ਨੂੰ ਦੇਸ਼ ਦੀਆਂ ਵੰਡ-ਪਾਊ ਫਿਰਕੂ ਤਾਕਤਾਂ ਵਿਰੁੱਧ ਪੂਰੀ ਚੌਕਸੀ ਵਰਤਦਿਆਂ ਹੋਇਆਂ ਇੱਕਮੁਠਤਾ ਦਾ ਪ੍ਰਗਟਾਵਾ ਕਰਨ ਦੀ ਅਪੀਲ ਕੀਤੀ ਹੈ।




