ਮੁਹਾਲੀ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ ਕੁੜੀਆਂ ਨੇ ਹਾਸਲ ਕੀਤੀਆਂ ਹਨ। ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਪੁੱਤਰੀ ਸਿਮਰਦੀਪ ਸਿੰਘ ਨੇ (500/500) 100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਐੱਸ ਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ (ਫਿਰੋਜ਼ਪੁਰ) ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 500 ’ਚੋਂ 498 ਅੰਕ (99.60 ਫੀਸਦੀ) ਨਾਲ ਦੂਜਾ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮਾਨਸਾ) ਦੀ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 500 ’ਚੋਂ 498 ਅੰਕ (99.60 ਫੀਸਦੀ) ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਕੁੱਲ 2,65,489 ਰੈਗੂਲਰ ਤੇ 12,630 ਪ੍ਰੀਖਿਆਰਥੀ ਓਪਨ ਸਕੂਲ ਪ੍ਰਣਾਲੀ ਰਾਹੀਂ ਅਪੀਅਰ ਹੋਏ। ਪਾਸ ਪ੍ਰਤੀਸ਼ਤਤਾ ਰੈਗੂਲਰ ਪ੍ਰੀਖਿਆਰਥੀਆਂ ਲਈ 91.00 ਫੀਸਦੀ ਤੇ ਓਪਨ ਸਕੂਲ 68.24 ਫੀਸਦੀ ਰਹੀ। ਪੇਂਡੂ ਖੇਤਰ ਵਿੱਚ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.20 ਫੀਸਦੀ ਤੇ ਸ਼ਹਿਰੀ ਖੇਤਰ ਵਿੱਚ ਪਾਸ ਪ੍ਰਤੀਸ਼ਤਤਾ 90.74 ਫੀਸਦੀ ਰਹੀ। ਇਸ ਪ੍ਰੀਖਿਆ ਵਿੱਚ ਕੁੜੀਆਂ ਦੀ 94.32 ਫੀਸਦੀ ਨਤੀਜੇ ਨਾਲ ਮੁੰਡਿਆਂ ਦੇ ਮੁਕਾਬਲੇ ਕਾਰਗੁਜ਼ਾਰੀ ਵਧੀਆ ਰਹੀ।





