ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ 26 ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਯੁੱਧ ਦਾ ਮਾਹੌਲ ਸਿਰਜਿਆ ਗਿਆ ਸੀ। ਯੁੱਧ ਦਾ ਮਾਹੌਲ ਸਿਰਜਣ ਵਿੱਚ ਮੁੱਖ ਭੂਮਿਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹੀ, ਜਿਨ੍ਹਾ ਸਾਊਦੀ ਅਰਬ ਦਾ ਆਪਣਾ ਦੌਰਾ ਵਿੱਚੇ ਛੱਡ ਕੇ ਬਿਹਾਰ ਦੇ ਮਧੂਬਨੀ ਵਿੱਚ ਬੜ੍ਹਕ ਮਾਰ ਦਿੱਤੀ ਸੀ ਕਿ ਪਹਿਲਗਾਮ ਦੇ ਦੋਸ਼ੀਆਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇਗੀ, ਜਿਸ ਦਾ ਉਨ੍ਹਾਂ ਕਿਆਸ ਵੀ ਨਹੀਂ ਕੀਤਾ ਹੋਣਾ। ਇਸ ਤੋਂ ਬਾਅਦ ਰਹਿੰਦੀ ਕਸਰ ਡੌਗੀ ਮੀਡੀਆ ਨੇ ਕੱਢ ਦਿੱਤੀ, ਜਿਹੜਾ ਪਾਕਿਸਤਾਨ ਦਾ ਮਲੀਆਮੇਟ ਕਰ ਦੇਣ ਦੀਆਂ ਟਾਹਰਾਂ ਮਾਰਦਾ ਰਿਹਾ। 6 ਤੇ 7 ਮਈ ਦੀ ਰਾਤ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਯੁੱਧ ਦਾ ਆਗਾਜ਼ ਕਰ ਦਿੱਤਾ ਸੀ। ਇਸ ਦੌਰਾਨ ਭਾਰਤ ਸਰਕਾਰ ਨੇ ਜਿਹੜੇ ਪਹਿਲੇ ਕਦਮ ਪੁੱਟੇ, ਉਨ੍ਹਾਂ ਨੇ ਉਸ ਦੀ ਰਾਜਨੀਤਕ ਸਮਝ ਦਾ ਦਿਵਾਲੀਆਪਣ ਸਾਹਮਣੇ ਲੈ ਆਂਦਾ। ਯੁੱਧ ਦੀ ਰਾਜਨੀਤੀ ਦਾ ਪਹਿਲਾ ਅਸੂਲ ਹੁੰਦਾ ਹੈ, ਦੁਸ਼ਮਣ ਦੇ ਟਿਕਾਣਿਆਂ ਉੱਤੇ ਹਮਲੇ ਤੇ ਉੱਥੋਂ ਦੀ ਜਨਤਾ ਨੂੰ ਉੱਥੋਂ ਦੇ ਹਾਕਮਾਂ ਵਿਰੁੱਧ ਕਰਕੇ ਆਪਣੇ ਪੱਖ ਵਿੱਚ ਖੜ੍ਹਾ ਕਰਨਾ। ਇਹ ਸਭ ਜਾਣਦੇ ਹਨ ਕਿ ਪਾਕਿਸਤਾਨ ਦੇ ਆਮ ਲੋਕ ਜੇਲ੍ਹ ’ਚ ਡੱਕੇ ਇਮਰਾਨ ਖਾਨ ਦੇ ਹੱਕ ਵਿੱਚ ਉੱਥੋਂ ਦੇ ਫੌਜੀ ਹਾਕਮਾਂ ਵਿਰੁੱਧ ਸੰਘਰਸ਼ ਕਰ ਰਹੇ ਸਨ। ਸਾਡੀ ਸਰਕਾਰ ਦੇ ਪਹਿਲੇ ਕਦਮਾਂ ਪਾਣੀ ਰੋਕਣਾ ਤੇ ਇਲਾਜ ਕਰਾਉਣ ਆਏ ਦੁਖੀ ਲੋਕਾਂ ਨੂੰ ਜ਼ਬਰਦਸਤੀ ਵਾਪਸ ਭੇਜਣਾ, ਨੇ ਲੋਕਾਂ ਵਿੱਚ ਭਾਰਤ ਖਿਲਾਫ ਗੁੱਸਾ ਕਈ ਗੁਣਾ ਵਧਾ ਦਿੱਤਾ ਤੇ ਉਹ ਫੌਜੀ ਹਾਕਮਾਂ ਦੀ ਪਿੱਠ ਉੱਤੇ ਆ ਗਏ।
ਸਾਡੇ ਦੇਸ਼ ਵਿੱਚ ਪਿਛਲੇ 10 ਸਾਲਾਂ ਤੋਂ ਚੱਲ ਰਹੀ ਨਫ਼ਰਤੀ ਨੀਤੀ ਯੁੱਧ ਦੌਰਾਨ ਵਿਦੇਸ਼ ਨੀਤੀ ਵਿੱਚ ਬਦਲ ਗਈ ਸੀ। ਇਸੇ ਦਾ ਨਤੀਜਾ ਸੀ ਕਿ ਇਸ ਚਾਰ ਕੁ ਦਿਨਾਂ ਦੇ ਯੁੱਧ ਨੇ ਸਾਡੇ ਹਾਕਮਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਕਿ ਸਮੁੱਚੇ ਸੰਸਾਰ ਵਿੱਚ ਭਾਰਤ ਅਲੱਗ-ਥਲੱਗ ਹੋ ਚੁੱਕਾ ਹੈ। ਇਜ਼ਰਾਈਲ ਤੋਂ ਬਿਨਾਂ ਸਾਡੇ ਨਾਲ ਇੱਕ ਵੀ ਦੇਸ਼ ਖੜ੍ਹਾ ਨਹੀਂ ਹੋਇਆ। ਨਾਲ ਖੜ੍ਹਾ ਹੋਣਾ ਤਾਂ ਦੂਰ ਦੀ ਗੱਲ, ਯੁੱਧ ਨੂੰ ਰੋਕਣ ਲਈ ਕੋਈ ਵਿਚੋਲਗੀ ਕਰਨ ਲਈ ਵੀ ਤਿਆਰ ਨਹੀਂ ਹੋਇਆ। ਮੋਦੀ ਰਾਜ ਦੌਰਾਨ ਸਾਡੇ ਗੁਆਂਢੀ ਦੇਸ਼ ਇੱਕ-ਇੱਕ ਕਰਕੇ ਸਾਥੋਂ ਦੂਰ ਹੁੰਦੇ ਗਏ ਸਨ। ਆਖਰ ਵਿੱਚ ਦੋਵਾਂ ਦੇਸ਼ਾਂ ਨੂੰ ਟਰੰਪ ਦਾ ਸਹਾਰਾ ਲੈਣਾ ਪਿਆ। ਇਹ ਨਹੀਂ ਭੁੱਲਣਾ ਚਾਹੀਦਾ ਕਿ ਪਾਕਿਸਤਾਨ ਵਿੱਚ ਅਮਰੀਕਾ ਨੇ ਹੀ ਸੋਵੀਅਤ ਯੂਨੀਅਨ ਵਿਰੁੱਧ ਲੜਨ ਲਈ ਦਹਿਸ਼ਤਗਰਦੀ ਦੀ ਰਣਨੀਤੀ ਦਾ ਸਫਲ ਪ੍ਰਯੋਗ ਕੀਤਾ ਸੀ। ਇਸ ਲਈ ਟਰੰਪ ਦੀ ਵਿਚੋਲਗੀ ਦਾ ਸਾਰ-ਤੱਤ ਇਹ ਹੈ ਕਿ ਉਸ ਨੇ ਬਿਨਾਂ ਕਹੇ ਪਾਕਿਸਤਾਨ ਦੇ ਹੱਕ ਵਿੱਚ ਪੈਂਤੜਾ ਲਿਆ। ਉਸ ਲਈ ਪਾਕਿਸਤਾਨ ਵਿੱਚ ਵਧ ਰਹੀ ਚੀਨ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਵੀ ਇਹ ਸੰਘਰਸ਼ ਇੱਕ ਮੌਕਾ ਸਾਬਤ ਹੋਇਆ ਹੈ।
ਇਸ ਜੰਗ ਦੌਰਾਨ ਦੋਹਾਂ ਪਾਸਿਆਂ ਦਾ ਕਿੰਨਾ ਨੁਕਸਾਨ ਹੋਇਆ, ਇਸ ਦਾ ਹਿਸਾਬ-ਕਿਤਾਬ ਹੁੰਦਾ ਰਹੇਗਾ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਯੁੱਧ ਨੇ ਕਸ਼ਮੀਰ ਨੂੰ ਕੀ ਦਿੱਤਾ। ਪਹਿਲਗਾਮ ਵਿੱਚ ਹਮਲਾ ਇਸ ਲਈ ਹੋਇਆ, ਕਿਉਂਕਿ ਪਾਕਿਸਤਾਨ ਇਸ ਨੂੰ ਝਗੜੇ ਵਾਲਾ ਇਲਾਕਾ ਕਹਿੰਦਾ ਹੈ, ਜਿਵੇਂ ਅਸੀਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਕਹਿੰਦੇ ਹਾਂ। ਯੁੱਧ ਰੁਕਣ ਤੋਂ ਬਾਅਦ ਬਾਕੀ ਸਾਰੇ ਦੇਸ਼ ਨੇ ਤਾਂ ਸੁੱਖ ਦਾ ਸਾਹ ਲਿਆ ਹੈ, ਪਰ ਕਸ਼ਮੀਰ ਹਾਲੇ ਵੀ ਅਸੁਰੱਖਿਅਤ ਹੈ। ਇਸ ਦੀ ਕੋਈ ਗਰੰਟੀ ਨਹੀਂ ਕਿ ਹੁਣ ਉੱਥੇ ਕੋਈ ਦਹਿਸ਼ਤੀ ਹਮਲਾ ਨਹੀਂ ਹੋਵੇਗਾ। ਭਾਰਤ-ਪਾਕਿਸਤਾਨ ਵਿੱਚ ਫਸੇ ਹੋਏ ਕਸ਼ਮੀਰ ਵਿੱਚ ਅਮਨ ਦੀ ਗਰੰਟੀ ਤਦ ਹੀ ਹੋ ਸਕਦੀ ਹੈ, ਜਦੋਂ ਕਸ਼ਮੀਰ ਸਮੱਸਿਆ ਦਾ ਹੱਲ ਨਿਕਲ ਆਵੇਗਾ। ਇਹ ਹੱਲ ਕਸ਼ਮੀਰ ਦੇ ਲੋਕਾਂ ਦੀ ਸਹਿਮਤੀ ਨਾਲ ਕੱਢਿਆ ਜਾਣਾ ਚਾਹੀਦਾ ਹੈ। ਇਸ ਲਈ ਦੋਹਾਂ ਦੇਸ਼ਾਂ ਨੂੰ ਇੱਕ-ਦੂਜੇ ਨੂੰ ਸਬਕ ਸਿਖਾਉਣ ਦੀਆਂ ਟਾਹਰਾਂ ਮਾਰਨ ਦੀ ਥਾਂ ਮਿਲ-ਬੈਠ ਕੇ ਕਸ਼ਮੀਰ ਮਸਲੇ ਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੋਵੇਂ ਦੇਸ਼ਾਂ ਦੇ ਲੋਕ ਦਹਿਸ਼ਤਗਰਦੀ ਤੋਂ ਪੀੜਤ ਹਨ। ਇਹ ਹਕੀਕਤ ਹੈ ਕਿ ਪਾਕਿਸਤਾਨ ਦੇ 22 ਹਜ਼ਾਰ ਤੋਂ ਵੱਧ ਨਾਗਰਿਕ ਦਹਿਸ਼ਤੀ ਘਟਨਾਵਾਂ ਵਿੱਚ ਜਾਨ ਗੁਆ ਚੁੱਕੇ ਹਨ। ਇਸ ਲਈ ਮੌਜੂਦਾ ਯੁੱਧ ਦਾ ਸਬਕ ਇਹੋ ਹੈ ਕਿ ਦੋਵਾਂ ਦੇਸ਼ਾਂ ਨੂੰ ਅਮਨ ਤੇ ਦੋਸਤੀ ਦੀ ਪਹਿਲ ਕਰਦੇ ਹੋਏ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਸਮਾਪਤ ਕਰਨ ਲਈ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ।
-ਚੰਦ ਫਤਿਹਪੁਰੀ



