ਮਿਸੀਸਾਗਾ ’ਚ ਪੰਜਾਬੀ ਕਾਰੋਬਾਰੀ ਦਾ ਕਤਲ

0
100

ਵੈਨਕੂਵਰ : ਮਿਸੀਸਾਗਾ ਦੀ ਡੈਰੀ ਰੋਡ ਨੇੜੇ ਟੈਲਫੋਰਡ ਵੇਅ ’ਤੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ (50) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੁਲਸ ਨੇ ਮਿ੍ਰਤਕ ਦੀ ਪਛਾਣ ਜ਼ਾਹਰ ਨਹੀਂ ਕੀਤੀ, ਪਰ ਘਟਨਾ ਸਥਾਨ ’ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਵਾਰਦਾਤ ਮੌਕੇ ਹਰਜੀਤ ਸਿੰਘ ਢੱਡਾ ਆਪਣੇ ਦਫਤਰ ਦੇ ਬਾਹਰ ਖੜੇ੍ਹ ਆਪਣੇ ਵਾਹਨ ਕੋਲ ਆਇਆ ਤਾਂ ਪਹਿਲਾਂ ਤੋਂ ਘਾਤ ਲਾ ਕੇ ਖੜ੍ਹੇ ਅਣਪਛਾਤਿਆਂ ਨੇ ਉਸ ’ਤੇ 15-16 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇੱਕ ਚਸ਼ਮਦੀਦ ਨੇ ਦੱਸਿਆ ਕਿ ਉਹ ਥੋੜ੍ਹੀ ਦੂਰ ਖੜ੍ਹਾ ਸੀ, ਜਦੋਂ ਬੰਦੂਕਧਾਰੀ ਪਾਰਕਿੰਗ ’ਚ ਖੜ੍ਹੀ ਕਾਰ ’ਚੋਂ ਨਿਕਲੇ ਅਤੇ ਗੋਲੀਆਂ ਚਲਾ ਕੇ ਵਾਪਸ ਉਸੇ ਕਾਰ ਵਿੱਚ ਫਰਾਰ ਹੋ ਗਏ। ਉਤਰਾਖੰਡ ਦੇ ਬਾਜਪੁਰ ਜਿਲ੍ਹੇ ਤੋਂ ਕਿਸਾਨੀ ਪਿਛੋਕੜ ਵਾਲਾ ਹਰਜੀਤ ਸਿੰਘ ਢੱਡਾ ਕਰੀਬ 30 ਵਰ੍ਹੇ ਪਹਿਲਾਂ ਕੈਨੇਡਾ ਆਇਆ ਸੀ ਤੇ ਟਰੱਕਾਂ ਨਾਲ ਸੰਬੰਧਤ ਸਹੂਲਤਾਂ ਪ੍ਰਦਾਨ ਕਰਨ ਦਾ ਵੱਡਾ ਕਾਰੋਬਾਰੀ ਸੀ। ਨਜ਼ਦੀਕੀਆਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਉਸ ਨੂੰ ਖਤਮ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਪੀਲ ਪੁਲਸ ਨੇ ਵੀ ਹਰਜੀਤ ਨੂੰ ਖਬਰਦਾਰ ਕੀਤਾ ਹੋਇਆ ਸੀ।
ਹਰਜੀਤ ਸਿੰਘ ਦੇ ਨਜ਼ੀਦੀਕੀਆਂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਾਰਤੀ ਨੰਬਰਾਂ ਤੋਂ ਆਉਂਦੀਆਂ ਧਮਕੀਆਂ ਕਾਰਨ ਕੁਝ ਸਮੇਂ ਤੋਂ ਉਹ ਪ੍ਰੇਸ਼ਾਨ ਰਹਿਣ ਲੱਗਿਆ ਸੀ।