ਕਾਠਮੰਡੂ : ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਮੌਜੂਦਾ ਮਾਰਚ-ਮਈ ਪਰਬਤਰੋਹੀ ਸੀਜ਼ਨ ਦੌਰਾਨ ਦੋ ਪਰਬਤਰੋਹੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਿ੍ਰਤਕਾਂ ’ਚੋਂ ਇੱਕ ਭਾਰਤ ਅਤੇ ਦੂਜਾ ਫਿਲਪੀਨਜ਼ ਤੋਂ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੇਪਾਲ ਦੇ ਪਰਬਤਰੋਹੀ ਅਧਿਕਾਰੀਆਂ ਨੇ ਦਿੱਤੀ। 45 ਸਾਲਾ ਭਾਰਤੀ ਪਰਬਤਰੋਹੀ ਸੁਬਰਤ ਘੋਸ਼ ਨੇ ਐਵਰੈਸਟ ਦੇ 8,849 (ਮੀਟਰ) ਉੱਚੇ ਸਿਖਰ ਨੂੰ ਸਫ਼ਲਤਾਪੂਰਵਕ ਫਤਿਹ ਤਾਂ ਕਰ ਲਿਆ, ਪਰ ਵੀਰਵਾਰ ਨੂੰ ਹਿਲੇਰੀ ਸਟੈਪ ਤੋਂ ਥੱਲੇ ਆਉਂਦੇ ਸਮੇਂ ਉਨ੍ਹਾ ਦੀ ਮੌਤ ਹੋ ਗਈ। ਨੇਪਾਲ ਦੇ ਸਨੋਈ ਹੋਰਾਇਜਨ ਟ੍ਰੈਕਰਸ ਐਂਡ ਐਸੋਸੀਏਸ਼ਨ ਕੰਪਨੀ ਦੇ ਅਧਿਕਾਰੀ ਬੋਧਰਾਜ ਭੰਡਾਰੀ ਨੇ ਦੱਸਿਆ ਕਿ ਘੋਸ਼ ਹਿਲੇਰੀ ਸਟੈਪ ਤੋਂ ਥੱਲੇ ਆਉਣ ਲਈ ਤਿਆਰ ਨਹੀਂ ਸਨ, ਉੱਥੇ ਹੀ ਉਨ੍ਹਾ ਦੀ ਮੌਤ ਹੋ ਗਈ। ਉਨ੍ਹਾ ਦੀ ਲਾਸ਼ ਨੂੰ ਬੇਸ ਕੈਂਪ ਤੱਕ ਲਿਆਂਦਾ ਜਾ ਰਿਹਾ ਹੈ। ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਸਪੱਸ਼ਟ ਹੋਵੇਗਾ। ਹਿਲੇਰੀ ਸਟੈਪ ਨੂੰ ‘ਡੈਥ ਜ਼ੋਨ’ ਵੀ ਕਿਹਾ ਜਾਂਦਾ ਹੈ। ਇਹ 8,000 ਮੀਟਰ (26,250 ਫੁੱਟ) ਤੋਂ ਉਪਰ ਵਾਲਾ ਇਲਾਕਾ ਹੈ। ਇੱਥੇ ਕੁਦਰਤੀ ਆਕਸੀਜਨ ਦਾ ਪੱਧਰ ਇਨਸਾਨ ਦੇ ਜਿਊਂਦੇ ਰਹਿਣ ਲਈ ਪੂਰਾ ਨਹੀਂ ਹੁੰਦਾ।
ਇਸ ਦੇ ਨਾਲ ਹੀ ਫਿਲਪੀਨਜ਼ ਦੇ 45 ਸਾਲਾ ਪਰਬਤਰੋਹੀ ਫਿਲੀਪ-2 ਸੈਂਟੀਯਾਗੋ ਦੀ ਮੌਤ ਬੁੱਧਵਾਰ ਦੇਰ ਰਾਤ ਸਾਊਥ ਕੋਲ ’ਚ ਹੋਈ। ਨੇਪਾਲ ਸੈਰ ਸਪਾਟੀ ਵਿਭਾਗ ਦੇ ਅਧਿਕਾਰੀ ਹਿਮਾਲ ਗੌਤਮ ਨੇ ਦੱਸਿਆ ਕਿ ਉਹ ਚੌਥੇ ਉਚੇ ਕੈਂਪ ਤੱਕ ਪਹੁੰਚੇ, ਪਰ ਜ਼ਿਆਦਾ ਥਕਾਵਟ ਹੋਣ ਕਾਰਨ ਜਦ ਉਹ ਆਪਣੇ ਟੈਂਟ ’ਚ ਅਰਾਮ ਕਰਨ ਪਹੁੰਚੇ ਤਾਂ ਉਥੇ ਉਨ੍ਹਾਂ ਦੀ ਮੌਤ ਹੋ ਗਈ।
ਦੋਵੇਂ ਪਰਬਤਰੋਹੀ ਇੱਕ ਹੀ ਅੰਤਰਰਾਸ਼ਟਰੀ ਅਭਿਆਨ ਦਾ ਹਿੱਸਾ ਸਨ, ਜਿਸ ਦਾ ਆਯੋਜਨ ਬੋਧਰਾਜ ਭੰਡਾਰੀ ਵੱਲੋਂ ਕੀਤਾ ਜਾ ਰਿਹਾ ਸੀ। ਨੇਪਾਲ ਨੇ ਇਸ ਸੀਜ਼ਨ ਲਈ 459 ਪਰਬਤਰੋਹੀਆਂ ਨੂੰ ਪਰਮਿਟ ਜਾਰੀ ਕੀਤੇ ਹਨ। ਇਸ ਹਫ਼ਤੇ ਲੱਗਭੱਗ 100 ਪਰਬਤਰੋਹੀ ਅਤੇ ਉਨ੍ਹਾ ਦੇ ਗਾਇਡ ਸਿਖਰ ਤੱਕ ਪਹੁੰਚ ਚੁੱਕੇ ਹਨ।



