ਟਰੇਲਰ ਦਿਖਾਇਆ, ਪਿਕਚਰ ਵੀ ਦਿਖਾ ਦੇਵਾਂਗੇ : ਰਾਜਨਾਥ

0
79

ਭੁੱਜ (ਗੁਜਰਾਤ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਭੁੱਜ ਏਅਰ ਫੋਰਸ ਸਟੇਸ਼ਨ ਦਾ ਦੌਰਾ ਕਰਕੇ ਭਾਰਤੀ ਹਥਿਆਰਬੰਦ ਬਲਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾ ਕਿਹਾ ਕਿ ਭਾਰਤੀ ਫੌਜ ਵੱਲੋਂ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਨਿਭਾਈ ਅਸਰਦਾਰ ਭੂਮਿਕਾ ਨੂੰ ਨਾ ਸਿਰਫ ਭਾਰਤ ਵਿੱਚ, ਬਲਕਿ ਵਿਦੇਸ਼ ਵਿਚ ਵੀ ਸਲਾਹਿਆ ਗਿਆ ਹੈ। ਉਨ੍ਹਾ ਕਿਹਾ, ‘‘ਅਪ੍ਰੇਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ। ਜੋ ਕੁਝ ਵੀ ਹੁਣ ਤੱਕ ਹੋਇਆ, ਉਹ ਮਹਿਜ਼ ਟਰੇਲਰ ਸੀ। ਜਦੋਂ ਸਹੀ ਸਮਾਂ ਆਇਆ, ਅਸੀਂ ਕੁੱਲ ਆਲਮ ਨੂੰ ਪੂਰੀ ਪਿਕਚਰ ਵੀ ਦਿਖਾ ਦੇਵਾਂਗੇ।’’
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ ਤੋਂ ਮਿਲਣ ਵਾਲੀ ਰਾਸ਼ੀ ਦਹਿਸ਼ਤੀ ਜਥੇਬੰਦੀਆਂ ਦੀ ਪੁਸ਼ਤਪਨਾਹੀ ਲਈ ਖਰਚੀ ਜਾਵੇਗੀ। ਉਨ੍ਹਾ ਕਿਹਾ, ‘‘ਪਾਕਿਸਤਾਨ ਨੂੰ ਇਹ ਵਿੱਤੀ ਮਦਦ ਨਹੀਂ ਦਿੱਤੀ ਜਾਣੀ ਚਾਹੀਦੀ। ਅਸੀਂ ਚਾਹੁੰਦੇ ਹਾਂ ਕਿ ਕੌਮਾਂਤਰੀ ਮੁਦਰਾ ਫੰਡ ਇਸ ਬਾਰੇ ਇੱਕ ਵਾਰ ਫਿਰ ਸੋਚ ਵਿਚਾਰ ਕਰੇ।’’
ਏਅਰ ਫੋਰਸ ਸਟੇਸ਼ਨ ’ਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਨੇ ਨਾ ਸਿਰਫ ਦੁਸ਼ਮਣ ’ਤੇ ਕਾਬੂ ਪਾਇਆ, ਬਲਕਿ ਉਸ ਨੂੰ ਤਬਾਹ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ। ਉਨ੍ਹਾ ਕਿਹਾ, ‘‘ਸਾਡੀ ਹਵਾਈ ਫੌਜ ਨੇ ਦਹਿਸ਼ਤਗਰਦੀ ਵਿਰੁੱਧ ਮੁਹਿੰਮ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕੀਤੀ। ਸਾਡੀ ਹਵਾਈ ਫੌਜ ਨੇ ਆਪਣੀ ਬਹਾਦਰੀ, ਹਿੰਮਤ ਅਤੇ ਸ਼ਾਨ ਨਾਲ ਨਵੀਆਂ ਅਤੇ ਵੱਡੀਆਂ ਉਚਾਈਆਂ ਨੂੰ ਛੂਹਿਆ ਹੈ।’’
ਉਨ੍ਹਾ ਕਿਹਾ, ‘‘ਇਹ ਛੋਟੀ ਗੱਲ ਨਹੀਂ ਹੈ ਕਿ ਸਾਡੀ ਹਵਾਈ ਫੌਜ ਪਾਕਿਸਤਾਨ ਦੇ ਹਰ ਕੋਨੇ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਤੇ ਉਸ ਨੇ ਇਹ ਸਾਬਤ ਵੀ ਕੀਤਾ ਹੈ। ਪੂਰੀ ਦੁਨੀਆ ਨੇ ਦੇਖਿਆ ਹੈ ਕਿ ਕਿਵੇਂ ਸਾਡੀ ਫੌਜ ਨੇ ਪਾਕਿਸਤਾਨੀ ਧਰਤੀ ’ਤੇ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ। ਉਨ੍ਹਾਂ ਦੇ (ਪਾਕਿਸਤਾਨ) ਬਹੁਤ ਸਾਰੇ ਹਵਾਈ ਅੱਡੇ ਅਸੀਂ ਤਬਾਹ ਕਰ ਦਿੱਤੇ। ਪਾਕਿਸਤਾਨ ਨੇ ਖੁਦ ਬ੍ਰਹਮੋਸ ਮਿਜ਼ਾਈਲ ਦੀ ਸ਼ਕਤੀ ਨੂੰ ਸਵੀਕਾਰ ਕੀਤਾ ਹੈ।’’
ਕਾਬਿਲੇਗੌਰ ਹੈ ਕਿ ਗੁਜਰਾਤ ਦਾ ਭੁੱਜ ਏਅਰ ਫੋਰਸ ਸਟੇਸ਼ਨ ਉਨ੍ਹਾਂ ਕੁਝ ਟਿਕਾਣਿਆਂ ਵਿਚ ਸ਼ੁਮਾਰ ਸੀ, ਜਿਸ ਨੂੰ ਪਾਕਿਸਤਾਨੀ ਫੌਜ ਨੇ ਪਿਛਲੇ ਹਫਤੇ ਨਿਸ਼ਾਨਾ ਬਣਾਇਆ ਸੀ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਦਾ ਦੌਰਾ ਕੀਤਾ ਸੀ।