ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ ਸੰਮੇਲਨ ਦੀ ਕੜੀ ਤਹਿਤ ਮੰਗਲਵਾਰ ਨਛੱਤਰ ਭਵਨ ਵਿਖੇ ਪਾਰਟੀ ਦੀ ਜਥੇਬੰਦਕ ਕਾਨਫਰੰਸ ਅਯੋਜਿਤ ਕੀਤੀ ਗਈ। ਕਾਨਫਰੰਸ ਮੌਕੇ ਪਾਰਟੀ ਦੇ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀ ਮੇਘਾ ਅਤੇ ਕਮਿਊਨਿਸਟ ਆਗੂ ਜਗਰੂਪ ਸਿੰਘ ਨਿਗਰਾਨ ਵਜੋਂ ਸ਼ਾਮਲ ਹੋਏ। ਜਗਜੀਤ ਸਿੰਘ ਧੂੜਕੋਟ, ਸ਼ੇਰ ਸਿੰਘ ਅਤੇ ਕਰਮਬੀਰ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਕਾਨਫਰੰਸ ਵਿੱਚ ਚੁਣੇ ਹੋਏ ਇੱਕ ਸੌ ਪੰਜਾਹ ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਜ਼ਿਲਾ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਧੂੜਕੋਟ ਨੇ ਪਾਰਟੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਕਾਨਫਰੰਸ ਦਾ ਉਦਘਾਟਨ ਕਰਦਿਆਂ ਜਗਰੂਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਅੱਜ ਮੱਧ ਵਰਗ ਨੂੰ ਵੀ ਜਿਉਣਾ ਦੁਭਰ ਹੋ ਰਿਹਾ ਹੈ, ਕਿਉਂਕਿ ਹੁਣ ਸਰਮਾਇਆ ਮੱਧ ਵਰਗ ਕੋਲੋਂ ਖੁਸ ਕੇ ਇੱਕ ਪ੍ਰਤੀਸ਼ਤ ਅਬਾਦੀ ਕੋਲ ਇਕੱਤਰੀਕਰਨ ਦਾ ਦੌਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੂਸਰੇ ਸ਼ਬਦਾਂ ’ਚ ਕਹਿਣਾ ਹੋਵੇ ਤਾਂ ਵਿਰੋਧੀ ਦੀ ਲੜਨ ਦੀ ਨੀਤੀ ਫੇਲ੍ਹ ਹੋ ਰਹੀ ਹੈ। ਉਨ੍ਹਾ ਕਿਹਾ ਕਿ ਸਾਨੂੰ ਕਮਿਊਨਿਸਟਾਂ ਨੂੰ ਤਾਂ ਲਾਜ਼ਮੀ ਤੌਰ ’ਤੇ ਆਪਣੀ ਯੁੱਧ ਨੀਤੀ ਦਾ ਰੀਵਿਊ ਕਰਨਾ ਚਾਹੀਦਾ ਹੈ। ਸਾਨੂੰ ਵਿਚਾਰ ਕਰਨਾ ਹੋਵੇਗਾ ਕਿ ਕੀ ਵਿਰੋਧ ਦੇ ਰਵਾਇਤੀ ਢੰਗ ਨਾਲ ਅਸੀਂ ਸੱਤਾਧਾਰੀ ਧਿਰ ਦੇ ਧਰਮ ਅਧਾਰ ਧਰੁਵੀਕਰਨ ਨੂੰ ਟੱਕਰ ਦੇ ਸਕਾਂਗੇ ? ਕੀ ਅੰਨੇ੍ਹ ਵਿਰੋਧ ਰਾਹੀਂ ਹਰਾਉਣ ਦੀ ਬਜਾਏ ਬਲ ਤਾਂ ਨਹੀਂ ਬਖਸ਼ ਰਹੇ? ਸੱਤਾਧਾਰੀ ਧਿਰ ਦੇ ਧਰੁਵੀਕਰਨ ਦੇ ਢੰਗ ਨੂੰ ਹਰਾਉਣ ਲਈ ਉਸੇ ਵਾਲੇ ਤਰੀਕੇ ਨਾਲ ਉਸ ਨੂੰ ਹਰਾਇਆ ਨਹੀਂ ਜਾ ਸਕਦਾ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਰਾਜਸੀ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਡੈਲੀਗੇਟਾਂ ਨੇ ਰਿਪੋਰਟ ਬਾਰੇ ਭਰਪੂਰ ਬਹਿਸ ਕਰਦਿਆਂ ਬਾਦਲੀਲ ਢੰਗ ਸੁਝਾਅ ਅਤੇ ਵਾਧੇ ਕਰਾਉਂਦਿਆਂ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਉਪਰੰਤ 8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਹੋਣ ਜਾ ਰਹੇ ਸੂਬਾਈ ਅਜਲਾਸ ਲਈ ਡੈਲੀਗੇਟਾਂ ਅਤੇ ਨਵੀਂ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ। ਨਵੀਂ ਚੁਣੀ ਜ਼ਿਲ੍ਹਾ ਕੌਂਸਲ ਨੇ ਕੁਲਦੀਪ ਸਿੰਘ ਭੋਲਾ ਨੂੰ ਜ਼ਿਲ੍ਹਾ ਸਕੱਤਰ ਅਤੇ ਸ਼ੇਰ ਸਿੰਘ ਸਰਪੰਚ ਤੇ ਗੁਰਦਿੱਤ ਸਿੰਘ ਦੀਨਾ ਨੂੰ ਮੀਤ ਸਕੱਤਰ ਚੁਣ ਲਿਆ। ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਦੇਸ਼ ਅੰਦਰ ਕਮਿਊਨਿਸਟਾਂ ਲਈ ਵੱਡੀਆਂ ਚੁਣੌਤੀਆਂ ਦਰਪੇਸ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਪਾਰਟੀ ਨੂੰ ਔਰਤਾਂ, ਦਲਿਤਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਜੋੜਨ ਲਈ ਕੰਮ ਕਰਨਾ ਹੋਵੇਗਾ। ਆਏ ਡੈਲੀਗੇਟਾਂ ਲਈ ਲੰਗਰ ਦਾ ਪ੍ਰਬੰਧ ਮਰਹੂਮ ਬਲਵਿੰਦਰ ਸਿੰਘ ਸੰਧੂ ਦੇ ਪਰਵਾਰ ਵੱਲੋਂ ਕੀਤਾ ਗਿਆ । ਸਮਾਪਤੀ ਤੋਂ ਝੰਡਾ ਉਤਾਰਨ ਦੀ ਰਸਮ ਸਤਿਕਾਰ ਸਾਹਿਤ ਨਿਭਾਈ ਗਈ। ਪ੍ਰਧਾਨਗੀ ਮੰਡਲ ਵੱਲੋਂ ਪੇਸ਼ ਧੰਨਵਾਦੀ ਮਤੇ ਨਾਲ ਕਾਨਫਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।
ਕਾਨਫਰੰਸ ਨੂੰ ਸਬਰਾਜ ਸਿੰਘ ਢੁੱਡੀਕੇ, ਗੁਰਮੀਤ ਸਿੰਘ ਵਾਂਦਰ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਬਚਿੱਤਰ ਸਿੰਘ ਧੋਥੜ, ਮਹਿੰਦਰ ਸਿੰਘ ਧੂੜਕੋਟ, ਜਗਸੀਰ ਸਿੰਘ ਖੋਸਾ, ਸੁਖਦੇਵ ਸਿੰਘ ਭੋਲਾ, ਇਕਬਾਲ ਸਿੰਘ ਤਖਾਣਵੱਧ, ਮੰਗਤ ਸਿੰਘ ਬੁੱਟਰ, ਪੋਹਲਾ ਸਿੰਘ ਬਰਾੜ, ਮੰਗਤ ਰਾਏ, ਗੁਰਚਰਨ ਸਿੰਘ ਦਾਤੇਵਾਲ, ਸਿਕੰਦਰ ਸਿੰਘ ਮਧੇਕੇ, ਸੇਵਕ ਸਿੰਘ ਮਾਹਲਾ ਆਦਿ ਨੇ ਵੀ ਸੰਬੋਧਨ ਕੀਤਾ।