36.7 C
Jalandhar
Friday, April 19, 2024
spot_img

ਮੋਦੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਦੇਸ਼ਧ੍ਰੋਹੀ ਲੱਗਦੈ : ਬਰਾੜ

ਬਹਿਰਾਮ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਅਜਲਾਸ ਮੁਕੰਦ ਲਾਲ, ਰਾਮ ਲਾਲ ਚੱਕ ਗੁਰੂ, ਪਰਮਿੰਦਰ ਮੇਨਕਾ ਦੀ ਪ੍ਰਧਾਨਗੀ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਇਆ। ਅਜਲਾਸ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਨੇ ਬਤੌਰ ਅਬਜ਼ਰਬਰ ਸ਼ਮੂਲੀਅਤ ਕੀਤੀ। ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਆਗੂ ਨਰੰਜਣ ਦਾਸ ਮੇਹਲੀ ਅਤੇ ਜਰਨੈਲ ਸਿੰਘ ਨੇ ਅਦਾ ਕੀਤੀ। ਇਸ ਮੌਕੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਅੱਜ ਦੇ ਰਾਜਨੀਤਕ ਅਤੇ ਆਰਥਕ ਹਾਲਤਾਂ ਬਾਰੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਪਿਛਲੇ ਅੱਠ ਸਾਲਾਂ ਤੋਂ ਸੱਤਾ ਵਿਚ ਆਈ ਹੈ, ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਇਸ ਨੂੰ ਹੱਕਾਂ ਲਈ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਦੇਸ਼ਧ੍ਰੋਹੀ ਜਾਪਦਾ ਹੈ। ਸੀ ਪੀ ਆਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਾਲੋਆਂ ਪੱਖੀ ਵਿਚਾਰਧਾਰਾ ’ਤੇ ਚਲਦਿਆਂ ਗਰੀਬ ਲਾਲੋਆਂ ਦੀ ਆਵਾਜ਼ ਬੁਲੰਦ ਕਰਦੀ ਹੈ, ਇਸ ਲਈ ਭਾਜਪਾ ਲਾਲ ਝੰਡੇ ਵਾਲਿਆਂ ਨੂੰ ਆਪਣਾ ਦੁਸ਼ਮਣ ਮੰਨਦੀ ਹੈ। ਇਸ ਨੇ ਆਜ਼ਾਦੀ ਤੋਂ ਬਾਅਦ ਸਾਰੇ ਪਬਲਿਕ ਅਦਾਰੇ ਕਾਰਪੋਰੇਟ ਘਰਾਣਿਆਂ ਅੰਬਾਨੀਆਂ ਤੇ ਅਡਾਨੀਆਂ ਨੂੰ ਵੇਚ ਦਿੱਤੇ ਹਨ। ਮੋਦੀ ਨੇ ਕਾਰਪੋਰੇਟ ਘਰਾਣਿਆਂ ਦਾ ਸੋਲਾਂ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਬੇਰੁਜ਼ਗਾਰੀ ਤੇ ਕੁਰੱਪਸ਼ਨ ਸਿਖਰ ’ਤੇ ਹੈ। ਕਿਸਾਨ ਤੇ ਮਜ਼ਦੂਰ ਜ਼ਿੰਦਗੀ ਦਾ ਭਾਰ ਨਾ ਸਹਾਰਦੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਅੰਦੋਲਨ ਨੇ ਲੋਕਾਂ ਨੂੰ ਆਪਣੇ ਹੱਕਾਂ ਲਈ ਉਤਸ਼ਾਹਤ ਕੀਤਾ ਤੇ ਤਿੰਨ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾ ਕੇ ‘ਮੋਦੀ ਹੈ ਤੋ ਮੁਮਕਿਨ ਹੈ’ ਨੂੰ ‘ਨਾਮੁਮਕਿਨ’ ਹੈ ਬਣਾ ਦਿੱਤਾ। ਇਨ੍ਹਾਂ ਹਾਲਤਾਂ ਵਿੱਚ ਸੀ ਪੀ ਆਈ ਨੂੰ ਜਥੇਬੰਦਕ ਢਾਂਚਾ ਮਜ਼ਬੂਤ ਕਰਕੇ ਲੋਟੂ ਸਰਮਾਏਦਾਰੀ ਨਿਜਾਮ ਤੋਂ ਨਿਜਾਤ ਦਿਵਾਉਣ ਲਈ ਦਿ੍ਰੜ੍ਹਤਾ ਨਾਲ ਲੁੱਟ ਹੁੰਦੇ ਲਾਲੋਆਂ ਦੀ ਅਗਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਕਾਮਰੇਡ ਸੁਤੰਤਰ ਕੁਮਾਰ ਨੇ ਸੀ ਪੀ ਆਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਕੀਤੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਨੂੰ ਕੁਝ ਵਾਧਿਆਂ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜੋਗਿੰਦਰ ਸਿੰਘ ਚਣਕੋਈ ਨੇ ਅਗਲੇ ਤਿੰਨ ਸਾਲਾਂ ਲਈ ਜ਼ਿਲ੍ਹਾ ਸਕੱਤਰ ਵਜੋਂ ਕਾਮਰੇਡ ਸੁਤੰਤਰ ਕੁਮਾਰ ਦੇ ਨਾਂਅ ਦੀ ਤਜਵੀਜ਼ ਰੱਖੀ ਅਤੇ ਜਗਤਾਰ ਸਿੰਘ ਤੇ ਮਹਿੰਗਾ ਸਿੰਘ ਨੇ ਇਸ ਦੀ ਤਾਈਦ ਕੀਤੀ । ਹਾਊਸ ਵੱਲੋਂ ਇਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਇਸ ਉਪਰੰਤ ਇਕੱਤੀ ਮੈਂਬਰੀ ਜ਼ਿਲ੍ਹਾ ਕੌਂਸਲ ਦੀ ਚੋਣ ਵੀ ਸਰਬਸੰਮਤੀ ਨਾਲ ਕਰ ਕੇ ਬਾਕੀ ਐਗਜ਼ੈਕਟਿਵ ਮੈਂਬਰਾਂ ਦੀ ਚੋਣ ਦਾ ਅਧਿਕਾਰ ਅਗਲੀ ਕੌਂਸਲ ਮੀਟਿੰਗ ਵਿੱਚ ਕਾਮਰੇਡ ਸੁਤੰਤਰ ਕੁਮਾਰ ਨੂੰ ਦੇ ਦਿੱਤਾ। ਇਸੇ ਤਰ੍ਹਾਂ 8-9 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੇ ਸੂਬਾਈ ਅਜਲਾਸ ਲਈ ਕਾਮਰੇਡ ਸੁਤੰਤਰ ਕੁਮਾਰ, ਮੁਕੰਦ ਲਾਲ, ਜਸਵਿੰਦਰ ਸਿੰਘ ਭੰਗਲ, ਦਸੌਂਧਾ ਸਿੰਘ ਅਤੇ ਨਰੰਜਣ ਦਾਸ ਮੇਹਲੀ ਡੈਲੀਗੇਟ ਚੁਣੇ ਗਏ। ਇਸ ਅਜਲਾਸ ਦੀ ਪ੍ਰਧਾਨਗੀ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ ਕਰਨਗੇ। ਇਸ ਇਕੱਤੀ ਮੈਂਬਰੀ ਜ਼ਿਲ੍ਹਾ ਕੌਂਸਲ ਵਿੱਚ ਸੁਤੰਤਰ ਕੁਮਾਰ, ਮੁਕੰਦ ਲਾਲ, ਗੁਰਬਖਸ਼ ਕੌਰ ਰਾਹੋਂ, ਜਗਤਾਰ ਸਿੰਘ, ਸਤਨਾਮ ਸਿੰਘ ਚਾਹਲ, ਰਾਜ ਕੁਮਾਰ ਸੁੱਜੋਂ, ਜਸਵਿੰਦਰ ਸਿੰਘ ਭੰਗਲ, ਕਾਮਰੇਡ ਹਰਮੇਸ਼, ਭਜਨ ਸਿੰਘ ਸੁੱਜੋਂ, ਜਸਵਿੰਦਰ ਲਾਲ ਰਾਹੋਂ, ਜਰਨੈਲ ਸਿੰਘ, ਦਲਜੀਤ ਸਿੰਘ ਸੁੱਜੋਂ, ਰਾਮ ਲਾਲ ਚੱਕ ਗੁਰੂ, ਨਰੰਜਣ ਦਾਸ ਮੇਹਲੀ, ਗੁਰਦਿਆਲ ਸੰਧਵਾਂ, ਨਰਿੰਦਰ ਬੁਰਜ, ਗੁਰਮੁਖ ਸਿੰਘ ਫਰਾਲਾ, ਜੀਵਨ ਲਾਲ ਫਰਾਲਾ, ਰਿੰਪੀ ਬੁਰਜ, ਹੁਸਨ ਲਾਲ ਮੇਹਲੀ, ਜੁਝਾਰ ਸਿੰਘ, ਪਰਮਿੰਦਰ ਮੇਨਕਾ, ਰਾਣਾ ਉਪਿੰਦਰ ਸਿੰਘ, ਜੋਗਿੰਦਰ ਸਿੰਘ ਚਣਕੋਈ, ਧਰਮਪਾਲ, ਮਹਿੰਗਾ ਸਿੰਘ, ਬਲਵੀਰ ਸਿੰਘ ਮਹਿਤਪੁਰ ਤੇ ਮਨੋਹਰ ਲਾਲ ਸੋਂਧੀ ਦੀ ਚੋਣ ਕੀਤੀ ਗਈ।

Related Articles

LEAVE A REPLY

Please enter your comment!
Please enter your name here

Latest Articles