ਕਾਮਰੇਡ ਕਨਮ ਰਾਜਿੰਦਰਾ ਹਾਲ ਤਿਰੂਪਤੀ (ਚਰਨਜੀਤ ਛਾਂਗਾ ਰਾਏ)
ਤਿਰੂਪਤੀ ਦੇ ਇੰਦਰਾ ਮੈਦਾਨ ਨੇੜੇ ਸਥਿਤ ਕਾਮਰੇਡ ਕਨਮ ਰਾਜਿੰਦਰਨ ਕਾਨਫਰੰਸ ਹਾਲ ਵਿਖ਼ੇ ਸਰਬ ਭਾਰਤ ਨੌਜਵਾਨ ਸਭਾ ਦੇ 17ਵੇਂ ਕੌਮੀ ਡੈਲੀਗੇਟ ਇਜਲਾਸ ਦੇ ਦੂਜੇ ਦਿਨ ਸ਼ੁੱਕਰਵਾਰ ਸਵੇਰੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾ ਕੇ ਡੈਲੀਗੇਟ ਸ਼ੈਸਨ ਦੀ ਸ਼ੁਰੂਆਤ ਕੀਤੀ ਗਈ। ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿੱਚੋਂ 700 ਦੇ ਲਗਪਗ ਚੁਣੇ ਹੋਏ ਡੈਲੀਗੇਟਾਂ ਨੇ ਜੋਸ਼ ਭਰਪੂਰ ਇਨਕਲਾਬੀ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।
ਪਹਿਲੇ ਡੈਲੀਗੇਟ ਸੈਸ਼ਨ ਦੀ ਪ੍ਰਧਾਨਗੀ ਸੁਖਜਿੰਦਰ ਮਹੇਸਰੀ, ਵਲੀ ਉੱਲਾਹ ਕਾਦਰੀ, ਰੋਸ਼ਨ ਸਿਨ੍ਹਾ, ਕੇ ਅਰੁਣ ਕੇਰਲਾ ਅਤੇ ਆਰਤੀ ਰੀਡੇਕਰ ਮਹਾਰਾਸ਼ਟਰਾ ਨੇ ਕੀਤੀ। ਇਸ ਮੌਕੇ ਤਿਰੂਪਤੀ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਅਤੇ ਤਿਆਰੀ ਕਮੇਟੀ ਦੇ ਚੇਅਰਮੈਨ ਕਾਮਰੇਡ ਕੇ ਨਰਾਇਣਾ ਨੇ ਆਏ ਹੋਏ ਡੈਲੀਗੇਟਾਂ ਨੂੰ ਜੀਅ ਆਇਆਂ ਆਖਿਆ। ਇਸ ਮੌਕੇ ਕਾਨਫਰੰਸ ਦਾ ਮੁੱਖ ਰੂਪ ਵਿੱਚ ਉਦਘਾਟਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਚਲੇਮੇਸ਼ਵਰ ਨੇ ਕੀਤਾ। ਇਸ ਮੌਕੇ ਹਾਜ਼ਰੀਨ ਡੈਲੀਗੇਟ ਸਾਥੀਆਂ ਨੂੰ ਸੰਬੋਧਨ ਕਰਦਿਆਂ ਜਸਟਿਸ ਚਲੇਮੇਸ਼ਵਰ ਨੇ ਮੁਬਾਰਕਬਾਦ ਪੇਸ਼ ਕੀਤੀ ਅਤੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਵਧਾਈ ਦੀ ਪਾਤਰ ਹੈ, ਜਿਸ ਨੇ 1959 ਤੋਂ ਸ਼ੰਘਰਸ਼ਾਂ ਅਤੇ ਜਿੱਤਾਂ ਦੀ ਲਗਾਤਾਰਤਾ ਜਾਰੀ ਰੱਖੀ ਹੋਈ ਹੈ ਜੋ ਦੇਸ਼ ਦੀ ਜਵਾਨੀ ਨੂੰ ਰਾਹ ਦਿਖਾ ਰਹੀ ਹੈ। ਜਸਟਿਸ ਚਲੇਮੇਸ਼ਵਰ ਨੇ ਅੱਗੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਬਹੁਤ ਚਿੰਤਾਜਨਕ ਹਨ ਕਿਉਕਿ ਮੌਜੂਦਾ ਸਰਕਾਰ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਤੇ ਸਿਰਫ ਕਾਰਪੋਰੇਟਾਂ ਦੇ ਮੁਨਾਫ਼ੇ ਵਧਾਉਣ ਵਾਲੇ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਆਮ ਲੋਕਾਂ ਦੀ ਖੁਸ਼ਹਾਲੀ ਕਿਥੇ ਹੈ? ਉਹਨਾਂ ਦੀਆਂ ਬੁਨਿਆਦੀ ਲੋੜਾਂ ਦੀ ਅਜੇ ਤੱਕ ਪੂਰਤੀ ਕਿਉ ਨਹੀਂ? ਵਰਗੇ ਸਵਾਲ ਮੂੰਹ ਅੱਡੀ ਖੜ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਾਸੇ ਦੇਸ਼ ਦੀ ਜਨਤਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਹੈ ਪਰ ਦੂਜੇ ਪਾਸੇ ਮੌਜੂਦਾ ਸਰਕਾਰ ਵੱਲੋਂ ਲੋਕਾਂ ਨੂੰ ਸੰਘਰਸ਼ ਕਰਨ ਦੇ ਮਿਲੇ ਅਧਿਕਾਰਾਂ ਨੂੰ ਦਬਾਉਣ ਲਈ ਸੰਵਿਧਾਨ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਾਬਕਾ ਜੱਜ ਨੇ ਦੇਸ਼ ਦੀ ਜਵਾਨੀ ਨੂੰ ਸੱਦਾ ਦਿੰਦਿਆਂ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਉਨ੍ਹਾਂ ਨੂੰ ਏ ਆਈ ਵਾਈ ਐਫ ਦੇ ਝੰਡੇ ਥੱਲੇ ਇਕੱਠਾ ਹੋਣਾ ਪਵੇਗਾ।
ਡੈਲੀਗੇਟ ਇਜਲਾਸ ਦੇ ਦੂਜੇ ਸੈਸ਼ਨ ਵਿੱਚ ਵੱਖ ਵੱਖ ਭਰਾਤਰੀ ਜਥੇਬੰਦੀਆਂ ਜਿਸ ਵਿੱਚ ਡੇਮੋਕ੍ਰੇਟਿਕ ਯੂਥ ਫਰੰਟ ਆਫ਼ ਇੰਡੀਆ ਦੇ ਏ ਆਈ ਰਹੀਮ, ਆਲ ਇੰਡੀਆ ਯੂਥ ਲੀਗ ਦੇ ਜਗਦੀਸ਼ਰ, ਇਨਕਲਾਬੀ ਨੌਜਵਾਨ ਸਭਾ ਦੇ ਸੁੰਦਰ ਰਾਜਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਂਮੀ ਸਕੱਤਰ ਦਿਨੇਸ਼, ਕੌਂਮੀ ਪ੍ਰਧਾਨ ਵਿਰਾਜ ਦਿਵਾਂਗ, ਆਲ ਇੰਡੀਆ ਕਿਸਾਨ ਸਭਾ ਦੇ ਵੈਣਕਾਇਆ, ਐਨ ਐਫ ਆਈ ਡਬਲਯੂ ਦੇ ਨਿਸ਼ਾ ਸਿੱਧੂ ਅਤੇ ਏਟਕ ਦੇ ਡੀ ਵੀ ਵੀ ਕੁੰਡਲ ਰਾਓ ਸ਼ਾਮਲ ਸਨ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਉਕਤ ਆਗੂਆਂ ਨੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਡੈਲੀਗੇਟ ਇਜਲਾਸ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਵਧ ਰਹੇ ਫਾਸ਼ੀਵਾਦ, ਬੇਲਗਾਮ ਬੇਰੁਜ਼ਗਾਰੀ ਅਤੇ ਫਿਰਕਾਪ੍ਰਸਤੀ ਨੂੰ ਠੱਲ੍ਹ ਪਾਉਣ ਲਈ ਦੇਸ਼ ਵਿੱਚ ਵੱਖ-ਵੱਖ ਨੌਜਵਾਨ ਜਥੇਬੰਦੀਆਂ ਨੂੰ ਸਾਂਝੇ ਫਰੰਟ ਦੇ ਝੰਡੇ ਥੱਲੇ ਸੰਘਰਸ਼ ਤੇਜ਼ ਕਰਨੇ ਚਾਹੀਦੇ ਹਨ ਤਾਂ ਹੀ ਇਸ ਮਾੜੇ ਹਾਲਾਤ ਨੂੰ ਬਦਲਿਆ ਜਾਂ ਸਕਦਾ ਹੈ। ਇਸ ਮੌਕੇ ਪੰਜਾਬ ਡੈਲੀਗੇਸ਼ਨ ਦੇ ਸਾਥੀਆਂ ਵੱਲੋਂ ਸੁਖਵਿੰਦਰ ਕੁਮਾਰ ਮਲੋਟ, ਗੁਰਜੀਤ ਕੌਰ ਸਰਦੂਲਗੜ੍ਹ ਅਤੇ ਹਰਭਜਨ ਛੱਪੜੀ ਵਾਲਾ ਦੀ ਅਗਵਾਈ ਹੇਠ ਪੰਜਾਬ ਦੀਆਂ ਸਰਗਰਮੀਆਂ ਨੂੰ ਦਰਸਾਉਦੀ ਫੋਟੋ ਪ੍ਰਦਰਸ਼ਨੀ ਅਤੇ ਬਨੇਗਾ ਟੀ ਸ਼ਰਟਾਂ ਅਤੇ ਕਿਤਾਬਾਂ ਦੀ ਸਟਾਲ ਲਗਾਈ ਗਈ। ਉਨ੍ਹਾਂ ਨਾਲ ਸਵਰਾਜ ਖੋਸ, ਕੁਨਾਲ ਫਾਜ਼ਿਲਕਾ, ਯੋਗਰਾਜ ਖੁਈਖੇੜਾ ਅਤੇ ਅਨਮੋਲ ਸਿੰਘ ਵੀ ਹਾਜ਼ਰ ਸਨ।
ਭਰਾਤਰੀ ਸੰਦੇਸ਼ ਸੈਸ਼ਨ ਤੋਂ ਬਾਅਦ ਕੌਮੀ ਜਨਰਲ ਸਕੱਤਰ ਸਾਥੀ ਥਿਰਮਲਾਈ ਰਮਨ ਵੱਲੋਂ ਰਾਜਨੀਤਿਕ ਰਿਪੋਰਟ ਅਤੇ ਕੌਂਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਵੱਲੋਂ ਜਥੇਬੰਧਕ ਰਿਪੋਰਟ ਪੇਸ਼ ਕੀਤੀ ਗਈ।





