ਚੰਡੀਗੜ੍ਹ : ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਪਟੀਸ਼ਨ ਦੇ ਮਾਮਲੇ ਵਿੱਚ ਸੀਨੀਅਰ ਵਕੀਲਾਂ ਅਤੇ ਸਾਬਕਾ ਜੱਜਾਂ ਦੀ ਰਾਇ ਲੈਣ ਲਈ ਸਨਿੱਚਰਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਪਟੀਸ਼ਨ ਨੂੰ ਲੈ ਕੇ ਲੰਮੀ ਵਿਚਾਰ-ਚਰਚਾ ਹੋਈ। ਚਰਚਾ ਦੌਰਾਨ ਇਹ ਵਿਚਾਰ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਕਿ ਸਰਕਾਰ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ ਅਤੇ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ, ਸਗੋਂ ਦਿ੍ਰੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਸ਼ੋ੍ਰਮਣੀ ਕਮੇਟੀ ਨੇ 2012 ’ਚ ਰਾਜੋਆਣਾ, ਜਿਸ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ, ਦੀ ਤਰਫੋਂ ਰਹਿਮ ਦੀ ਪਟੀਸ਼ਨ ਪਾਈ ਸੀ।
ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਸੰਜੀਦਾ ਕੌਮੀ ਮਾਮਲਾ ਹੈ, ਜਿਸ ਲਈ ਕੌਮੀ ਰਾਏ ਬਣਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਲੰਮੇ ਸਮੇਂ ਤੋਂ ਕਨੂੰਨੀ ਲੜਾਈ ਲੜ ਰਹੀ ਹੈ, ਪਰ ਸਰਕਾਰਾਂ ਦੀ ਅੜੀ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਭੁਗਤ ਰਹੀ ਹੈ। ਉਨ੍ਹਾ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਮਾਮਲੇ ਬਾਰੇ ਫੈਸਲਾ ਲੈਣ ਲਈ ਕਹਿਣ ਦੇ ਬਾਵਜੂਦ ਸਰਕਾਰ ਦਾ ਰਵੱਈਆ ਬੇਹੱਦ ਦੁਖਦਾਈ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਆਪਣੀ ਕਾਰਜਸ਼ੈਲੀ ਵਿਚ ਸਾਰਿਆਂ ਨੂੰ ਇਕ ਸਮਾਨ ਜਾਨਣ, ਪ੍ਰੰਤੂ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਮਾਮਲੇ ਸੰਬੰਧੀ ਅਪਣਾਈ ਜਾ ਰਹੀ ਪਹੁੰਚ ਸਰਕਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਕਰਦੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਨ੍ਹਾ ਸ਼੍ਰੋਮਣੀ ਕਮੇਟੀ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਸੀ। ਇਸ ’ਤੇ ਵਿਚਾਰ ਲਈ ਪਹਿਲਾਂ ਸਿੱਖ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ ਅਤੇ ਫੈਡਰੇਸ਼ਨਾਂ ਨਾਲ ਮੀਟਿੰਗਾਂ ਕਰਕੇ ਵਿਚਾਰ ਲਏ ਗਏ ਹਨ। ਇਸੇ ਤਹਿਤ ਅੱਜ ਦੀ ਮੀਟਿੰਗ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਭਾਵੇਂ ਰਾਜੋਆਣਾ ਦਾ ਪਟੀਸ਼ਨ ਨੂੰ ਲੈ ਕੇ ਰੋਸ ਜਾਇਜ਼ ਹੈ ਅਤੇ ਉਹ ਆਪਣੇ ਅਕੀਦੇ ’ਤੇ ਦਿ੍ਰੜ੍ਹ ਹਨ, ਪ੍ਰੰਤੂ ਇਸ ਮਾਮਲੇ ਵਿਚ ਜਲਦਬਾਜ਼ੀ ਵਿਚ ਫੈਸਲਾ ਲੈਣਾ ਠੀਕ ਨਹੀਂ ਹੋਵੇਗਾ। ਆਉਂਦੇ ਦਿਨਾਂ ਵਿੱਚ ਪੰਥ ਦਾ ਨੁਮਾਇੰਦਾ ਇਕੱਠ ਬੁਲਾ ਕੇ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ।
ਇਕੱਤਰਤਾ ਵਿੱਚ ਧਾਮੀ ਤੋਂ ਇਲਾਵਾ ਜਸਟਿਸ ਮਨਿੰਦਰਮੋਹਨ ਸਿੰਘ ਬੇਦੀ ਸਾਬਕਾ ਜੱਜ, ਸੀਨੀਅਰ ਵਕੀਲ ਐਡਵੋਕੇਟ ਪੂਰਨ ਸਿੰਘ ਹੁੰਦਲ, ਐਡਵੋਕੇਟ ਜੀ ਐੱਸ ਬੱਲ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਸਿੱਖ ਵਿਦਵਾਨ ਡਾ. ਕੇਹਰ ਸਿੰਘ, ਕਾਹਨ ਸਿੰਘ ਪਨੂੰ ਸਾਬਕਾ ਆਈ ਏ ਐੱਸ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੀਨੀਅਰ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ, ਐਡਵੋਕੇਟ ਪਰਮਜੀਤ ਸਿੰਘ ਬਰਾੜ, ਐਡਵੋਕੇਟ ਬਲਤੇਜ ਸਿੰਘ ਸਾਬਕਾ ਡੀ ਏ, ਐਡਵੋਕੇਟ ਬਲਵੰਤ ਸਿੰਘ ਗੁਲਿਆਨੀ, ਡਾ. ਪੁਨੀਤ ਕੌਰ ਸੇਖੋਂ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਐਡਵੋਕੇਟ ਬਲਵਿੰਦਰ ਸਿੰਘ ਸੂਦਨ, ਐਡਵੋਕੇਟ ਹਰਭਜਨ ਸਿੰਘ ਥਾਂਦੀ, ਐਡਵੋਕੇਟ ਰਾਜੇਸ਼ਵਰ ਸਿੰਘ ਸੂਲਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਇੰਜੀ. ਸੁਖਮਿੰਦਰ ਸਿੰਘ, ਮੀਤ ਸਕੱਤਰ ਲਖਬੀਰ ਸਿੰਘ, ਇੰਚਾਰਜ ਅਜ਼ਾਦਦੀਪ ਸਿੰਘ ਤੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਆਦਿ ਮੌਜੂਦ ਸਨ।




