ਹਮਲੇ ਦੀ ਅਗਾਊਂ ਜਾਣਕਾਰੀ ਦੇ ਕੇ ਕਿੰਨੇ ਜਹਾਜ਼ ਗੁਆਏ : ਰਾਹੁਲ

0
92

ਨਵੀਂ ਦਿੱਲੀ : ਲੋਕ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਇਸ ਗੱਲੋਂ ਕਰੜੀ ਨਿੰਦਾ ਕੀਤੀ ਹੈ ਕਿ ਉਸ ਨੇ ‘ਅਪ੍ਰੇਸ਼ਨ ਸਿੰਧੂਰ’ ਦੇ ਹਿੱਸੇ ਵਜੋਂ ਦਹਿਸ਼ਤਗਰਦਾਂ ਦੇ ਢਾਂਚੇ ਢਾਹੁਣ ਬਾਰੇ ਪਾਕਿਸਤਾਨ ਨੂੰ ਅਗਾਊਂ ਜਾਣਕਾਰੀ ਦਿੱਤੀ। ਉਨ੍ਹਾ ਸਨਿੱਚਰਵਾਰ ਇਸ ਨੂੰ ਅਪਰਾਧ ਦੱਸਦਿਆਂ ਪੁੱਛਿਆ ਕਿ ਇਹ ਜਾਣਕਾਰੀ ਦੇਣ ਦਾ ਅਧਿਕਾਰ ਕਿਸ ਨੇ ਦਿੱਤਾ ਸੀ। ਰਾਹੁਲ ਨੇ ਇਸ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਲੰਮੇ ਹੱਥੀਂ ਲਿਆ, ਜਿਨ੍ਹਾ ਜਨਤਕ ਤੌਰ ’ਤੇ ਮੰਨਿਆ ਕਿ ਕੇਂਦਰ ਨੇ ਪਾਕਿਸਤਾਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾ ਪੁੱਛਿਆ ਕਿ ਅਜਿਹੀ ਜਾਣਕਾਰੀ ਸਾਂਝੀ ਕਰਨ ਦੇ ਨਤੀਜੇ ਵਜੋਂ ਇੰਡੀਅਨ ਏਅਰ ਫੋਰਸ ਨੇ ਕਿੰਨੇ ਜਹਾਜ਼ ਗੁਆਏ। ਉਨ੍ਹਾ ਕਿਹਾ ਕਿ ਹਮਲੇ ਤੋਂ ਪਹਿਲਾਂ ਪਾਕਿਸਤਾਨ ਨੂੰ ਦੱਸਣਾ ਅਪਰਾਧ ਹੈ।
ਰਾਹੁਲ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਜੈਸ਼ੰਕਰ ਕਹਿ ਰਹੇ ਹਨ ਕਿ ਸਰਕਾਰ ਨੇ ਪਾਕਿਸਤਾਨ ਨੂੰ ਸੁਨੇਹਾ ਘੱਲਿਆ ਸੀ ਕਿ ਹਮਲੇ ਪਾਕਿਸਤਾਨੀ ਫੌਜ ’ਤੇ ਨਹੀਂ, ਸਿਰਫ ਦਹਿਸ਼ਤਗਰਦਾਂ ਦੇ ਅੱਡਿਆਂ ’ਤੇ ਕੀਤੇ ਜਾਣਗੇ। ਇਸੇ ਦੌਰਾਨ ਪ੍ਰੈੱਸ ਇਨਫਰਮੇਸ਼ਨ ਬਿਊਰੋ ਨੇ ਕਿਹਾ ਹੈ ਕਿ ਜੈਸ਼ੰਕਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਸੀ, ਰਾਹੁਲ ਨੇ ਉਨ੍ਹਾ ਦਾ ਗਲਤ ਹਵਾਲਾ ਦਿੱਤਾ ਹੈ।